ਪੱਟੀ, 20 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਥਾਨਕ ਸ਼ਹਿਰ ਅੰਦਰ ਬਣਿਆ ਖੇਡ ਸਟੇਡੀਅਮ, ਜੋ ਪਿਛਲੇ ਕਈ ਸਾਲਾਂ ਤੋਂ ਮੁੱਢਲੀਆਂ ਤੇ ਆਧੁਨਿਕ ਸਹੂਲਤਾਂ ਤੋਂ ਵਾਂਝਾ ਚੱਲ ਰਿਹਾ ਹੈ, ਦਾ ਜਾਇਜ਼ਾ ਲੈਣ ਲਈ ਪੰਜਾਬ ਖੇਡ ਮੰਤਰਾਲੇ ਨਾਲ ਸੰਬੰਧਿਤ ਚੇਅਰਮੈਨ ਜਸਕਵਰ ਸਿੰਘ ਜੱਸਾ ਪੱਟੀ ਅੱਜ ਪੱਟੀ ਪਹੁੰਚੇ। ਉਨ੍ਹਾਂ ਸਟੇਡੀਅਮ ਦੀ ਮੌਜੂਦਾ ਸਥਿਤੀ ਦਾ ਸਰਵੇਖਣ ਕਰਨ ਉਪਰੰਤ ਭਰੋਸਾ ਦਿਵਾਇਆ ਕਿ ਇੱਥੇ ਟਰੈਕ, ਲਾਈਟਾਂ, ਪੀਣ ਵਾਲੇ ਪਾਣੀ, ਚਾਰਦੀਵਾਰੀ, ਪਾਰਕਿੰਗ, ਜਿਮ, ਮੁੱਖ ਗੇਟ, ਖੇਡਾਂ ਨਾਲ ਸਬੰਧਤ ਸਮਾਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਜਲਦੀ ਮੁਹੱਈਆ ਕਰਵਾਈਆਂ ਜਾਣਗੀਆਂ। ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਇਸ ਸਟੇਡੀਅਮ ਦਾ ਪ੍ਰਾਜੈਕਟ ਤਿਆਰ ਕਰਵਾਇਆ ਗਿਆ ਸੀ, ਜਿਸ ਲਈ ਲਗਪਗ 7 ਕਰੋੜ ਰੁਪਏ ਦੀ ਗ੍ਰਾਂਟ ਮੰਨਜ਼ੂਰ ਹੋਈ ਅਤੇ ਕੰਮ ਮੰਡੀ ਬੋਰਡ ਨੂੰ ਸੌਂਪਿਆ ਗਿਆ ਸੀ, ਪਰ 2017 ਵਿਚ ਸਰਕਾਰ ਬਦਲਣ ਤੋਂ ਬਾਅਦ ਇਹ ਪ੍ਰਾਜੈਕਟ ਅਧੂਰਾ ਰਹਿ ਗਿਆ। ਮੰਡੀ ਬੋਰਡ ਨੂੰ ਪੂਰੀ ਰਕਮ ਨਾ ਮਿਲਣ ਕਾਰਨ ਸਟੇਡੀਅਮ ਦੀ ਦੇਖਭਾਲ ਅਤੇ ਸੰਚਾਲਨ ਕਿਸੇ ਵੀ ਵਿਭਾਗ ਨੂੰ ਨਹੀਂ ਸੌਂਪਿਆ ਗਿਆ, ਜਿਸ ਕਰਕੇ ਇਹ ਅੱਜ ਤੱਕ ਲਾਵਾਰਿਸ ਹਾਲਤ ਵਿਚ ਪਿਆ ਹੋਇਆ ਹੈ। ਖੇਡ ਪ੍ਰੇਮੀਆਂ ਨੇ ਦੱਸਿਆ ਕਿ ਸਟੇਡੀਅਮ ਵਿਚ ਨਾ ਤਾਂ ਲਾਈਟਾਂ ਦੀ ਵਿਵਸਥਾ ਹੈ, ਨਾ ਹੀ ਪੀਣ ਵਾਲੇ ਪਾਣੀ ਅਤੇ ਸਫ਼ਾਈ ਦਾ ਕੋਈ ਪੱਕਾ ਪ੍ਰਬੰਧ। 400 ਮੀਟਰ ਦਾ ਟਰੈਕ ਵੀ ਲੋੜੀਂਦੀਆਂ ਸਹੂਲਤਾਂ ਤੋਂ ਵਾਂਝਾ ਹੈ। ਸਟੇਡੀਅਮ ਦੇ ਮੁੱਖ ਗੇਟ ਚੋਰ ਚੋਰੀ ਕਰਕੇ ਲੈ ਗਏ ਹਨ, ਜਿਮ ਵਿਚ ਲਗਾਇਆ ਗਿਆ ਸਾਮਾਨ ਵੀ ਚੋਰੀ ਹੋ ਚੁੱਕਾ ਹੈ। ਇੱਥੋਂ ਤੱਕ ਕਿ ਕਮਰਿਆਂ ਦੇ ਦਰਵਾਜ਼ੇ ਵੀ ਉਖਾੜ ਕੇ ਲੈ ਜਾਏ ਗਏ ਹਨ। ਸਟੇਡੀਅਮ ਦੇ ਕੁਝ ਕਮਰੇ ਅਸਮਾਜਿਕ ਅਨਸਰਾਂ ਅਤੇ ਨਸ਼ੇੜੀਆਂ ਦਾ ਅੱਡਾ ਬਣੇ ਹੋਏ ਹਨ, ਜਿਸ ਕਾਰਨ ਖੇਡ ਪ੍ਰੇਮੀਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸੰਬੰਧੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਪੱਟੀ ਦੇ ਮੈਂਬਰਾਂ, ਖੇਡ ਪ੍ਰੇਮੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਚੇਅਰਮੈਨ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ। ਇਸ ਮੌਕੇ ਸਾਬਕਾ ਐਸ.ਡੀ.ਐਮ. ਰਣਜੀਤ ਸਿੰਘ, ਸਾਬਕਾ ਮੈਨੇਜਰ ਜਸਬੀਰ ਸਿੰਘ ਸੰਧੂ, ਵਜੀਰ ਸਿੰਘ ਪਾਰਸ, ਪ੍ਰਿਥੀਪਾਲ ਸਿੰਘ ਬਾਠ, ਇੰਦਰਪ੍ਰੀਤ ਸਿੰਘ ਧਾਮੀ, ਸੁਖਦੇਵ ਸਿੰਘ ਮਾਸਟਰ, ਬਲਜੀਤ ਸਿੰਘ ਸਾਜਨ, ਕੋਚ ਗੁਰਸੇਵਕ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਚੇਅਰਮੈਨ ਜੱਸਾ ਪੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਰਗੀਆਂ ਕੁਰਹਿਤਾਂ ਤੋਂ ਦੂਰ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਵਾਉਣ ਲਈ ਸੰਬੰਧਿਤ ਵਿਭਾਗਾਂ ਨਾਲ ਗੱਲਬਾਤ ਕੀਤੀ ਜਾਵੇਗੀ, ਤਾਂ ਜੋ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।