ਤਰਨ ਤਾਰਨ, 1 ਜੁਲਾਈ (ਹਰਿੰਦਰ ਸਿੰਘ)- ਹਲਕਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ ਵਲੋਂ ਸ਼ੁਰੂ ਕੀਤੀ ਗਈ ‘ਘਰ-ਘਰ ਜਾ ਕੇ ਅਸ਼ੀਰਵਾਦ ਲੈਣ’ ਮੁਹਿੰਮ ਤੀਸਰੇ ਦਿਨ ਵੀ ਪੂਰੇ ਜੋਸ਼ ਨਾਲ ਜਾਰੀ ਰਹੀ। ਇਸੇ ਤਹਿਤ ਇਹ ਮੁਹਿੰਮ ਪਿੰਡ ਪਲਾਸੌਰ ਵਿਖੇ ਪਹੁੰਚੀ, ਜਿੱਥੇ ਕਾਂਗਰਸ ਆਗੂ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਪਾਰਟੀ ਦਾ ਪ੍ਰਚਾਰ ਕੀਤਾ। ਇਸ ਦੌਰਾਨ ਪਿੰਡ ਦੇ ਦਰਜਨਾਂ ਪਰਿਵਾਰਾਂ ਨੇ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। ਕਰਨਬੀਰ ਸਿੰਘ ਬੁਰਜ ਨੇ ਸਾਰੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਿਰੋਪਾਓ ਪਾ ਕੇ ਅਤੇ ਪਾਰਟੀ ਦਾ ਚਿੰਨ੍ਹ ਦੇ ਕੇ ‘ਜੀ ਆਇਆਂ’ ਕਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇਕੋ-ਇੱਕ ਅਜਿਹੀ ਪਾਰਟੀ ਹੈ, ਜੋ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕਰਨਬੀਰ ਸਿੰਘ ਬੁਰਜ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ ਅਤੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖੋਰਾ ਲਗਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ ਕਾਂਗਰਸ ਵੱਲ ਵੱਡੀ ਉਮੀਦ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਸਿਆਸੀ ਨਹੀਂ ਸਗੋਂ ਲੋਕਾਂ ਦਾ ਦੁੱਖ-ਸੁੱਖ ਸਾਂਝਾ ਕਰਨ ਦੀ ਮੁਹਿੰਮ ਹੈ। ‘ਅਸੀਂ ਹਰ ਘਰ ਦੇ ਦਰਵਾਜ਼ੇ ’ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦੇ ਰਹੇ ਹਾਂ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਬੁਰਜ ਨੇ ਕਿਹਾ ਕਿ ਪਲਾਸੌਰ ਦੇ ਕਾਂਗਰਸੀ ਆਗੂ ਬਲਜੀਤ ਸਿੰਘ ਬੱਲੀ, ਜਸਪਾਲ ਸਿੰਘ, ਅਮਰੀਕ ਸਿੰਘ ਸੋਨੀ ਆਦਿ ਨੇ ਵੀ ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ਵਿਚ ਚਮਕੌਰ ਸਿੰਘ, ਟਹਿਲਬੀਰ ਸਿੰਘ, ਰੋਬਨਜੀਤ ਸਿੰਘ, ਦਲੇਰ ਸਿੰਘ, ਗੁਰਪ੍ਰੀਤ ਸਿੰਘ, ਹਰਮਨਜੋਤ ਸਿੰਘ, ਸਰਬਜੀਤ ਸਿੰਘ, ਗੁਰਮੀਤ ਸਿੰਘ, ਹਰਪਾਲ ਸਿੰਘ, ਪਰਗਟ ਸਿੰਘ, ਚਰਨਜੀਤ ਸਿੰਘ, ਸਵਰਨ ਸਿੰਘ, ਪ੍ਰਗਟ ਸਿੰਘ, ਦਿਲਬਾਗ ਸਿੰਘ, ਗੁਰਜੰਟ ਸਿੰਘ, ਗੁਰਪਾਲ ਸਿੰਘ, ਅਨਮੋਲਪ੍ਰੀਤ ਸਿੰਘ, ਗੁਰਬੀਰ ਸਿੰਘ ਆਦਿ ਸ਼ਾਮਿਲ ਹੋਏ। ਇਸ ਮੌਕੇ ਸਾਬਕਾ ਸਰਪੰਚ ਕੁਲਬੀਰ ਸਿੰਘ ਨੂਰਦੀਨਕੇ, ਪ੍ਰਤਾਪ ਸਿੰਘ ਕੈਰੋਂਵਾਲ, ਸਰਪੰਚ ਗੁਰਚਰਨ ਸਿੰਘ ਖੈਰਦੀਨਕੇ, ਸਤਵਿੰਦਰ ਸਿੰਘ ਕਾਕਾ ਢਿੱਲੋਂ, ਹਰਜੀਤ ਸਿੰਘ ਝਬਾਲ ਆਦਿ ਹਾਜ਼ਰ ਸਨ।