ਤਰਨ ਤਾਰਨ, 1 ਜੁਲਾਈ (ਪਰਮਜੀਤ ਜੋਸ਼ੀ)– ਤਰਨ ਤਾਰਨ ਦੀ ਸਭ ਤੋਂ ਲੰਬੀ ਨਹਿਰ ਜੰਡਿਆਲਾ-ਖੇਮਕਰਨ ਰਸੂਲਪੁਰ ਤੋਂ ਥੋੜੇ ਦਿਨਾਂ ’ਚ ਦੋ ਵਾਰ ਟੁੱਟ ਗਈ ਹੈ, ਜਿਸ ਨਾਲ ਨੇੜਲੇ ਵਸਨੀਕਾਂ ਵਿਚ ਸਹਿਮ ਵਧ ਰਿਹਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਹੈ ਕਿ ਰਸੂਲਪੁਰ ਤੋਂ ਖੇਮਕਰਨ ਵੱਲ ਇਸ ਨਹਿਰ ਦੀ ਸਫ਼ਾਈ ਨਹੀਂ ਹੋਈ। ਇਸ ਕਰਕੇ ਪਾਣੀ ਅੱਗੇ ਪੂਰਾ ਖੁੱਲ੍ਹ ਕੇ ਨਹੀਂ ਚੱਲ ਰਿਹਾ। ਇਹ ਗੱਲ ਕਰਦਿਆਂ ਸ਼ੇਰੋਂ ਖੰਡ ਮਿੱਲ ਮੋਰਚੇ ’ਤੇ ਬੈਠੇ ਕਿਸਾਨ ਆਗੂਆਂ ਮਹਾਂਬੀਰ ਸਿੰਘ ਗਿੱਲ, ਹਰਜਿੰਦਰ ਸਿੰਘ ਟਾਂਡਾ,ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ, ਦਲਜੀਤ ਸਿੰਘ ਦਿਆਲਪੁਰਾ, ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਬਰਸਾਤੀ ਨਾਲਿਆਂ, ਸਿੰਜਾਈ ਵਾਲੇ ਸੂਇਆਂ , ਰੋਹੀਆਂ ਦੀ ਸਫਾਈ ਜੰਗੀ ਪੱਧਰ ’ਤੇ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਰਸ਼ਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਸਤਲੁਜ-ਬਿਆਸ ਦਰਿਆ ਦੇ ਬੰਨ੍ਹ ਵੀ ਮਜ਼ਬੂਤ ਕਰਨਾ ਅਤਿ ਜ਼ਰੂਰੀ ਹੈ ਨਹੀਂ ਤਾਂ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਡਰਾਉਂਦੀ ਨਜ਼ਰ ਆਉਂਦੀ ਹੈ। ਸ਼ੇਰੋਂ ਖੰਡ ਮਿੱਲ ਮੋਰਚੇ ਦੇ 42 ਵੇਂ ਦਿਨ ਬੈਠੇ ਕਿਸਾਨਾਂ ’ਚ ਇਹਨਾਂ ਗੱਲਾਂ ਦੀ ਚਰਚਾ ਹੁੰਦੀ ਰਹੀ ਕਿਉਂਕਿ ਪਿਛਲੇ ਸਾਲ ਹੜ੍ਹਾਂ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ ਤਕਰੀਬਨ ਤਿੰਨ ਹਜ਼ਾਰ ਕਰੋੜ ਰੁਪਏ ਹੜ੍ਹ ਰੋਕੂ ਅਗਾਊਂ ਪ੍ਰਬੰਧ ’ਤੇ ਖ਼ਰਚ ਕਰਦੀ ਹੈ ਪਰ ਗਰਾਊਂਡ ਫਲੋਰ ਤੇ ਕੁੱਝ ਦਿਸਦਾ ਨਹੀ। ਰਾਤ ਦਿਨ ਲੱਗ ਰਹੇ ਬਿਜਲੀ ਕੱਟਾਂ ਤੋਂ ਵੀ ਲੋਕ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਕਿ ਬਿਜਲੀ ਸਪਲਾਈ ਦੇ ਪ੍ਰਬੰਧ ਦਾਅਵਿਆਂ ਦੇ ਉਲਟ ਠੋਸ ਨਹੀਂ ਲੱਗਦੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਫੈਲੋਕੇ, ਜਸਬੀਰ ਸਿੰਘ ਰਸੂਲਪੁਰ, ਗੁਰਦਿਆਲ ਸਿੰਘ ਵਰਨਾਲਾ, ਜੱਸਾ ਸਿੰਘ ਕੱਦਗਿੱਲ, ਬਲਕਾਰ ਸਿੰਘ ਵਲਟੋਹਾ, ਮੇਹਰ ਸਿੰਘ ਸਖੀਰਾ, ਸੁਖਚੈਨ ਸਿੰਘ ਸਰਹਾਲੀ, ਸੁਖਦੇਵ ਸਿੰਘ, ਅਮਰੀਕ ਸਿੰਘ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ, ਮਨਜੀਤ ਸਿੰਘ ਸੋਹੀਆਂ, ਹਰਜਿੰਦਰ ਸਿੰਘ ਸੋਹੀਆਂ, ਹਰਭੇਜ ਸਿੰਘ, ਗੁਰਪ੍ਰੀਤ ਸਿੰਘ ਗੰਡੀਵਿੰਡ, ਪ੍ਰਗਟ ਸਿੰਘ ਤੁੜ, ਮਾਹੀਪਾਲ ਸਿੰਘ ਠੱਠੀਆਂ, ਰਾਜਬੀਰ ਸਿੰਘ ਘੜਕਾ, ਹੀਰਾ ਸਿੰਘ, ਭੁਪਿੰਦਰ ਸਿੰਘ, ਜਸਬੀਰ ਸਿੰਘ, ਦਲਜੀਤ ਸਿੰਘ ਜਵੰਦਾ, ਬਲਜੀਤ ਸਿੰਘ ਜਵੰਦਾ, ਕਸ਼ਮੀਰ ਸਿੰਘ ਨੇ ਵੀ ਹਾਜ਼ਰੀ ਭਰੀ।