ਝਬਾਲ, 5 ਜੁਲਾਈ (ਸੁਖਦੇਵ ਸਿੰਘ) -ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਵਲੋਂ ਸਾਲ 1991 ਦੇ ਇਕ ਚਰਚਿਤ ਅਗਵਾ ਅਤੇ ਹਿਰਾਸਤੀ ਤਸ਼ੱਦਦ ਮਾਮਲੇ ’ਚ ਅਹਿਮ ਫ਼ੈਸਲਾ ਸੁਣਾਉਂਦਿਆਂ ਲੰਬੇ ਸਮੇਂ ਤੋਂ ਭਗੌੜੇ ਰਹੇ ਸਾਬਕਾ ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਖ਼ਤ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ’ਤੇ ਪਰਿਵਾਰ ਨੇ ਇਨਸਾਫ ਦਿਵਾਉਣ ਲਈ ਜਿੱਥੇ ਸੀ.ਬੀ.ਆਈ. ਅਦਾਲਤ ਦਾ ਧੰਨਵਾਦ ਕੀਤਾ ਹੈ, ਉਥੇ ਪੁਲਿਸ ਮੁਲਾਜ਼ਮਾਂ ਨੂੰ ਹੋਰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਬਲਜੀਤ ਸਿੰਘ ਦੇ ਪਿਤਾ ਹਰੀ ਸਿੰਘ ਅਤੇ ਭਰਾ ਪਰਮਜੀਤ ਸਿੰਘ ਵਾਸੀ ਮਾਲੂਵਾਲ ਸੰਤਾਂ, ਸੂਬੇਦਾਰ ਗੁਰਭਾਗ ਸਿੰਘ ਲੜਕੇ ਸਟਾਲਿਨਜੀਤ ਸਿੰਘ ਅਤੇ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਨੇ ਕਿਹਾ ਕਿ ਲੰਮੇ ਸਮੇਂ ਬਾਅਦ ਇਨਸਾਫ ਮਿਲਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਸ਼ਾਂਤੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਦੀ ਮੌਤ ਦਾ ਇਨਸਾਫ ਲੈਣ ਲਈ ਲੰਮੇ ਸਮੇਂ ਤੋਂ ਅਦਾਲਤੀ ਕੇਸ ਲੜ ਰਹੇ ਸਨ । ਉਨ੍ਹਾਂ ਕਿਹਾ ਕਿ ਸਬੂਤਾਂ ਤੇ ਗਵਾਹਾਂ ਦੇ ਆਧਾਰ ’ਤੇ ਅਦਾਲਤ ਨੇ ਜੋ ਫੈਸਲਾ ਸੁਣਾਇਆ ਹੈ, ਉਸ ਨਾਲ ਸਮਾਜ ਵਿਚ ਨਿਆਂ ਪ੍ਰਤੀ ਭਰੋਸਾ ਵਧਿਆ ਹੈ । ਬਲਜੀਤ ਸਿੰਘ ਦੇ ਬਜ਼ੁਰਗ ਪਿਤਾ ਬਾਪੂ ਹਰੀ ਸਿੰਘ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਜਲਦੀ ਇਨਸਾਫ ਮਿਲੇ, ਤਾਂ ਜੋ ਹੋਰ ਪਰਿਵਾਰਾਂ ਨੂੰ ਰਾਹਤ ਮਿਲ ਸਕੇ । ਦੱਸਣਯੋਗ ਹੈ ਕਿ ਖਾੜਕੂਵਾਦ ਦੇ ਵੇਲੇ ਪੁਲਿਸ ਨੇ ਬਲਜੀਤ ਸਿੰਘ ਵਾਸੀ ਮਾਲੂਵਾਲ ਸੰਤਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਅਗਵਾ ਕਰਨ, ਨਾਜਾਇਜ਼ ਤੌਰ ’ਤੇ ਹਿਰਾਸਤ ਵਿਚ ਰੱਖਣ, ਤਸ਼ੱਦਦ ਕਰਕੇ ਲਾਪਤਾ ਕਰਨ ਦੇ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਨੇ ਪੰਜਾਬ ਪੁਲਿਸ ਦੇ ਸਾਬਕਾ ਏ.ਐਸ.ਆਈ. ਕਸ਼ਮੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਪੰਜ ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੇ ਤਿੰਨ ਸਹਿ-ਦੋਸ਼ੀ ਸਾਬਕਾ ਐਸ.ਐਚ.ਓ. ਸੂਬਾ ਸਿੰਘ, ਏ.ਐਸ.ਆਈ. ਦਲਬੀਰ ਸਿੰਘ ਅਤੇ ਕਾਂਸਟੇਬਲ ਰਵੇਲ ਸਿੰਘ ਨੂੰ ਅਦਾਲਤ ਵਲੋਂ 29 ਮਾਰਚ 2023 ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ।