ਤਰਨ ਤਾਰਨ, 13 ਜੁਲਾਈ (ਇਕਬਾਲ ਸਿੰਘ ਸੋਢੀ)– ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋ ਮਾਣੋਚਾਹਲ, ਜਵੰਦੇ ਕਲਾਂ ’ਚ ਲੋਕ ਜਾਗਰੂਕ ਮੁਹਿੰਮ ਤਹਿਤ ਭਰਵੀਆਂ ਮੀਟਿੰਗਾਂ ਕੀਤੀਆਂ ਗਈਆ। ਜਿਸ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ ਗਈ। ਪਾਰਟੀ ਦਾ ਮੰਨਣਾ ਹੈ ਕਿ ਇਹ ਨੀਤੀਆਂ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਆਮ ਨਾਗਰਿਕਾਂ ਦੇ ਹਿੱਤਾਂ ਨੂੰ ਗੰਭੀਰ ਰੂਪ ਵਿਚ ਠੇਸ ਪਹੁੰਚਾ ਰਹੀਆਂ ਹਨ। ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ, ਚਮਨ ਲਾਲ ਦਰਾਜਕੇ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ, ਖਾਸ ਕਰਕੇ ਮਹਿੰਗਾਈ ਅਤੇ ਵੱਧ ਰਹੀ ਬੇਰੁਜ਼ਗਾਰੀ, ਆਮ ਲੋਕਾਂ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾ ਰਹੀਆਂ ਹਨ। ਇਹਨਾਂ ਆਗੂਆਂ ਨੇਪੰਜਾਬ ਸਰਕਾਰ ‘ਤੇ ਇਹ ਦੋਸ਼ ਲਾਇਆ ਗਿਆ ਕਿ ਉਹ ਕਿਸਾਨਾਂ ਦੇ ਮੁੱਦਿਆਂ, ਖੇਤੀਬਾੜੀ ਸੰਕਟ ਅਤੇ ਉਦਯੋਗਿਕ ਬੰਦਸ਼ਾਂ ਵਰਗੇ ਗੰਭੀਰ ਸਵਾਲਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਪਾਰਟੀ ਨੇ ਇਨ੍ਹਾਂ ਨੀਤੀਆਂ ਨੂੰ “ਪੂੰਜੀਵਾਦੀ ਅਤੇ ਸ਼ੋਸ਼ਣਕਾਰੀ” ਕਰਾਰ ਦਿੰਦੇ ਹੋਏ ਮੰਗ ਕੀਤੀ ਕਿ ਤੁਰੰਤ ਸਮਾਜਿਕ ਸੁਰੱਖਿਆ ਉਪਾਅ ਲਾਗੂ ਕੀਤੇ ਜਾਣ ਅਤੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਤਰਜੀਹ ਦਿੱਤੀ ਜਾਵੇ। ਪਾਰਟੀ ਆਗੂਆਂ ਨੇ ਐਲਾਨ ਕੀਤਾ ਕਿ ਅਗਲੇ ਦਿਨਾਂ ਵਿਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸੂਬੇ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਆਮ ਲੋਕਾਂ ਨੂੰ ਇਸ ਵਿਰੋਧੀ ਲਹਿਰ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਨਾ ਮੀਟਿੰਗਾਂ ਨੂੰ ਕੁਲਦੀਪ ਸਿੰਘ ਮਾਣੋਚਾਹਲ, ਦਰਸ਼ਨ ਸਿੰਘ, ਗੁਰਮੀਤ ਸਿੰਘ, ਅੰਗਰੇਜ ਸਿੰਘ,ਸੁਖਦੇਵ ਸਿੰਘ ਜਵੰਦਾ, ਸੁਰਿੰਦਰ ਸਿੰਘ ਖਬੇ,ਸਾਹਿਬ ਸਿੰਘ, ਸੁਖਦੇਵ ਸਿੰਘ ਮੈਂਬਰ, ਮੰਗਲ ਸਿੰਘ ਜਵੰਦਾ, ਮਾਈਪਾਲ ਸਿੰਘ ਠੱਠੀਆਂ, ਗੁਰਵਿੰਦਰ ਸਿੰਘ ਠੱਠੀਆਂ ਨੇ ਸੰਬੋਧਨ ਕੀਤਾ। ਇਹਨਾਂ ਵੱਖ ਵੱਖ ਮੀਟਿੰਗਾਂ ਵਿਚ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ’ਤੇ ਤਰਨ ਤਾਰਨ ਕੀਤੇ ਜਾ ਰਹੇ ਸੈਮੀਨਾਰ ਪਹੁੰਚਣ ਦਾ ਸੱਦਾ ਦਿੱਤਾ।
ਲੋਕ ਜਾਗਰੂਕ ਮੁਹਿੰਮ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤੀ ਲਾਮਬੰਦੀ
ਅਜੀਤ ਡੈਸਕ
14-07-2026