ਪੱਟੀ, 14 ਜੁਲਾਈ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਸੀ-ਪਾਈਟ ਕੈਂਪ ਪੱਟੀ ਤਰਨ-ਤਾਰਨ ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਸੇਵਾਮੁਕਤ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਯੁਵਕਾਂ ਨੇ ਜੂਨ 2026 ਵਿਚ ਅਗਨੀਵੀਰ ਦੀ ਲਿਖਤੀ ਪ੍ਰੀਖਿਆ ਦਿੱਤੀ ਸੀ, ਉਸਦਾ ਨਤੀਜਾ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਯੁਵਕ ਪਾਸ ਹੋ ਗਏ ਹਨ ਅਤੇ ਫਿਜ਼ੀਕਲ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਪੱਟੀ ਵਿਖੇ ਰਿਪੋਰਟ ਕਰਨ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦੇ ਯੁਵਕਾਂ ਦੀ ਫ਼ਿਜ਼ੀਕਲ ਟੈਸਟ ਦੀ ਟ੍ਰੇਨਿੰਗ 1 ਜੁਲਾਈ 2026 ਤੋਂ ਚੱਲ ਰਹੀ ਹੈ, ਦੋ ਕਿ ਸੀ-ਪਾਈਟ ਦੇ ਤਜ਼ਰਬੇਕਾਰ ਸਟਾਫ਼ ਵਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਨੀਵੀਰ ਆਰਮੀ ਭਰਤੀ ਰੈਲੀ ਮਿਤੀ 19 ਨਵੰਬਰ 2026 ਤੋਂ ਸ਼ੁਰੂ ਹੋ ਰਹੀ ਹੈ। ਇਸ ਲਈ ਨੌਜਵਾਨ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ਅਤੇ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਪੱਟੀ ਵਿਖੇ ਰਿਪੋਰਟ ਕਰਨ। ਉਨ੍ਹਾਂ ਕਿਹਾ ਕਿ ਯੁਵਕ ਸਵੇਰੇ 9 ਵਜੇ ਤੋਂ 11.30 ਵਜੇ ਤੱਕ ਕੈਂਪ ਵਿਚ ਪਹੁੰਚ ਕੇ ਐਡਮਿਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਂਪ ਵਿਚ ਆਉਣ ਸਮੇਂ ਆਨਲਾਈਨ ਰਜਿਸਟ੍ਰੇਸ਼ਨ ਦੀ ਇਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜ਼ੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ, ਬੈਂਕ ਖ਼ਾਤੇ ਦੀ ਫੋਟੋ ਸਟੇਟ ਕਾਪੀ (ਖਾਤਾ ਚਾਲੂ ਹਾਲਤ ਵਿਚ ਹੋਵੇ) ਅਤੇ ਇਕ ਪਾਸਪੋਰਟ ਸਾਈਜ਼ ਦੀ ਫੋਟੋ, ਇਕ ਕਾਪੀ, ਇਕ ਪੈੱਨ, ਖਾਣੇ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਯੁਵਕ ਦੀ ਛਾਤੀ ਬਿਨਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ। ਕੈਂਪ ਵਿਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਦੀ ਤਿਆਰੀ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ।