ਤਰਨ ਤਾਰਨ, 14 ਜੁਲਾਈ (ਇਕਬਾਲ ਸਿੰਘ ਸੋਢੀ)– ਲੋਕ ਸੰਪਰਕ ਮੁਹਿੰਮ ਤਹਿਤ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪਿੰਡ ਬਾਠ ਕਲਾਂ ’ਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮਜ਼ਦੂਰਾਂ ਦੇ ਆਗੂ ਗੁਰਭੇਜ ਸਿੰਘ ਭੱਟੀ ਨੇ ਕੀਤੀ। ਇਸ ਮੌਕੇ ਬੋਲਦਿਆ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਰ.ਐੱਸ.ਐੱਸ. ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ ਅਤੇ ਘੱਟ ਗਿਣਤੀਆਂ ਤੇ ਤੇਜੀ ਨਾਲ ਹਮਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਈਆਂ ਸਾਲਾਂ ਤੋਂ ਲਮਕਦੇ ਆ ਮਸਲੇ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨਾ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਭਾਸ਼ਾ ਨੂੰ ਸੂਬੇ ਅੰਦਰ ਲਾਗੂ ਨਾ ਕਰਨਾ, ਪੰਜਾਬ ਦੇ ਪ੍ਰਬੰਧਕੀ ਬੋਰਡ ਡੈਮਾਂ ਦੀ ਨੁਮਾਇੰਦਗੀ ਪੰਜਾਬ ਤੋਂ ਖਤਮ ਕਰਨਾ ਆਦਿ ਮਸਲਿਆਂ ਵੱਲ ਕੇਂਦਰ ਸਰਕਾਰ ਸੁੱਤੀ ਪਈ ਹੈ ਅਤੇ ਸਾਡੀਆਂ ਹਾਕਮ ਸਰਕਾਰਾਂ ਨੂੰ ਚੋਣਾਂ ਦੇ ਦਰਮਿਆਨ ਇਹ ਸਾਰੇ ਮਸਲੇ ਚੇਤੇ ਆ ਜਾਦੇ ਹਨ। ਉਹਨਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਵਲੋਂ ਤਿਆਰ ਕੀਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਫੇਰ ਲੋਕਾਂ ਨੂੰ ਪਿਛਾਖੜੀ ਵਿਚਾਰਧਾਰਾ ਵੱਲ ਲੈ ਕੇ ਜਾਇਆ ਜਾ ਰਿਹਾ ਹੈ। ਦੇਸ਼ ਅੰਦਰ ਮਨੋ ਸਿਮਰਤੀ ਲਾਗੂ ਕਰਕੇ ਭਗਵਾਂਕਰਨ ਕੀਤਾ ਜਾ ਰਿਹਾ ਹੈ। ਜਮਾਰਾਏ ਨੇ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਪਾਰਟੀ ਦੇ ਆਗੂ ਬਲਦੇਵ ਸਿੰਘ ਪੰਡੋਰੀ, ਕਿਸਾਨ ਆਗੂ ਚਰਨਜੀਤ ਸਿੰਘ ਬਾਠ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਭਗਵੰਤ ਮਾਨ ਸਰਕਾਰ ਅਤੇ ਅਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ। ਇਨ੍ਹਾਂ ਦੋਨਾਂ ਸਰਕਾਰਾਂ ਦੀਆਂ ਨੀਤੀਆਂ ਕਿਰਤੀ ਵਰਗ ਦੇ ਵਿਰੋਧੀ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ਿਆਂ ਵਲ ਧੱਕਿਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਅੰਦਰ ਗੁੰਡਾਗਰਦੀ, ਕਤਲੋਗਾਰਦ, ਗੈਂਗਸਟਰਵਾਦ, ਦਿਨੋ ਦਿਨ ਵੱਧ ਰਿਹਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਕੀਤਾ ਜਾ ਰਿਹਾ ਪ੍ਰਚਾਰ ਬਿਲਕੁਲ ਝੂਠ ਦਾ ਪੁਲੰਦਾ ਸਾਬਤ ਹੋਈ ਹੈ। ਪੰਜਾਬ ਅੰਦਰ ਨਸ਼ਿਆਂ ਦੀ ਦਲਦਲ ਫਸੇ ਹਜ਼ਾਰਾਂ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ ਅਤੇ ਲੋਕਾਂ ਦੇ ਘਰਾਂ ’ਚ ਸੱਥਰ ਵਿੱਛ ਰਹੇ ਹਨ। ਇਨ੍ਹਾਂ ਆਗੂਆਂ ਨੇ ਸੱਦਾ ਦਿੰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ 31 ਜੁਲਾਈ ਨੂੰ ਤਰਨ ਤਾਰਨ ’ਚ ਕੀਤੇ ਜਾ ਰਹੇ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਪੂਰਨ ਸਿੰਘ, ਅਮਰੀਕ ਸਿੰਘ, ਚਰਨ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਸਰਬਜੀਤ ਸਿੰਘ, ਕੰਵਲਜੀਤ ਸਿੰਘ ਵਿੱਕੀ, ਦਲਜੀਤ ਸਿੰਘ, ਨਿਰਮਲ ਸਿੰਘ, ਰਸਪਾਲ ਸਿੰਘ ਮੈਂਬਰ ਆਦਿ ਹਾਜ਼ਰ ਸਨ।