ਤਰਨ ਤਾਰਨ, 15 ਜੁਲਾਈ (ਹਰਿੰਦਰ ਸਿੰਘ)—ਸੀ.ਆਈ.ਏ.ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਤਸਕਰਾਂ ਪਾਸੋਂ ਅਸਲਾ ਮੰਗਵਾਉਣ ਵਾਲੇ 2 ਭਾਰਤੀ ਤਸਕਰਾਂ ਨੂੰ 8 ਪਿਸਟਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜਦਕਿ ਇਨ੍ਹਾਂ ਦੇ ਗਰੋਹ ਦਾ ਇਕ ਮੈਂਬਰ ਫ਼ਰਾਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸੀ.ਆਈ.ਏ.ਸਟਾਫ਼ ਦੇ ਏ.ਐੱਸ.ਆਈ. ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਤਰਨ ਤਾਰਨ ਤੋੋਂ ਭਿੱਖੀਵਿੰਡ, ਚੂੰਗ, ਵਾਂ ਤਾਰਾ ਸਿੰਘ ਆਦਿ ਪਿੰਡਾਂ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਗਸਤ ਕਰਦੀ ਹੋਈ ਦਾਣਾ ਮੰਡੀ ਬਾਸਰਕੇ ਪੁੱਜੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਸਕਰਨ ਸਿੰਘ ਉਰਫ ਕਰਨ ਪੁੱਤਰ ਸਾਹਿਬ ਸਿੰਘ, ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਦਲਬੀਰ ਸਿੰਘ ਅਤੇ ਦੀਪਕ ਸਿੰਘ ਉਰਪ ਢਿੱਲੋ ਪੁੱਤਰ ਮਨਦੀਪ ਸਿੰਘ ਵਾਸੀਆਨ ਚੂਸਲੇਵੜ ਸਾਰੇ ਜਾਣੇ ਰਲ ਕੇ ਪਾਕਿਸਤਾਨ ਦੇ ਤਸਕਰਾਂ ਨਾਲ ਰਾਬਤਾ ਕਰਕੇ ਅਸਲਾ ਮੰਗਵਾਉਂਦੇ ਹਨ, ਜੋ ਅੱਜ ਵੀ ਜਸਕਰਨ ਸਿੰਘ, ਅਰਸ਼ਦੀਪ ਸਿੰਘ ਮੋਟਰਸਾਇਕਲ ਸਪਲੈਡਰ ’ਤੇ ਸਵਾਰ ਹੋ ਕੇ ਪਿੰਡ ਬਾਸਰਕੇ ਵਾਲੀ ਸਾਇਡ ਨੂੰ ਆ ਰਹੇ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸੂਚਨਾ ਦੇ ਅਧਾਰ ’ਤੇ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਜਸਕਰਨ ਸਿੰਘ, ਅਰਸ਼ਦੀਪ ਸਿੰਘ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ, ਜਿਨ੍ਹਾਂ ਪਾਸੋਂ 8 ਪਿਸਟਲ ਬਰਾਮਦ ਹੋਏ ਹਨ। ਜਦਕਿ ਇਨ੍ਹਾਂ ਦਾ ਸਾਥੀ ਦੀਪਕ ਸਿੰਘ ਉਰਫ ਢਿੱਲੋਂ ਫ਼ਰਾਰ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਖਿਲਾਫ਼ ਥਾਣਾ ਖਾਲੜਾ ਵਿਖੇ ਅਸਲਾ ਐਕਟ ਤਹਿਤ ਅਤੇ ਹੋਰਨਾਂ ਐਕਟ ਤਹਿਤ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਪੁਲਿਸ ਰਿਮਾਂਡ ਲਈ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਫ਼ਰਾਰ ਨੌਜਵਾਨ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।