ਤਰਨ ਤਾਰਨ, 15 ਜੁਲਾਈ (ਹਰਿੰਦਰ ਸਿੰਘ)—ਤਰਨ ਤਾਰਨ ਦੇ ਨਜ਼ਦੀਕੀ ਪਿੰਡ ਜਸਮਤਪੁਰ ਵਿਖੇ ਸੀ.ਆਈ.ਏ.ਸਟਾਫ਼ ਤਰਨ ਤਾਰਨ ਦੀ ਪੁਲਿਸ ਅਤੇ ਗੈਂਗਸਟਰ ਵਿਚ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਗੈਂਗਸਟਰ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਜ਼ਖਮੀ ਹੋਏ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਮੌਕੇ ਤੋਂ ਗੈਂਗਸਟਰ ਦਾ ਮੋਟਰਸਾਈਕਲ ਅਤੇ ਇਕ ਪਿਸਤੌਲ ਬਰਾਮਦ ਕੀਤਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸੀ.ਆਈ.ਏ.ਸਟਾਫ਼ ਦੇ ਇੰਚਾਰਜ ਰਵਿੰਦਰਪਾਲ ਸਿੰਘ ਨੂੰ ਸੂਚਨਾ ਮਿਲੀ ਕਿ ਕੁਝ ਮਹੀਨੇ ਪਹਿਲਾਂ ਪੰਨੂੰ ਪੇਂਟ ਸਟੋਰ ਤਰਨ ਤਾਰਨ ਵਿਖੇ ਫਾਈਰਿੰਗ ਕਰਨ ਵਾਲਾ ਵਿਅਕਤੀ ਇਲਾਕੇ ਵਿਚ ਘੁੰਮ ਰਿਹਾ ਹੈ ਤਾਂ ਤੁਰੰਤ ਉਨ੍ਹਾਂ ਥਾਣਾ ਸਿਟੀ ਤਰਨ ਤਾਰਨ ਪੁਲਿਸ ਟੀਮ ਨੂੰ ਨਾਲ ਲੈ ਕੇ ਜਮਸਤਪੁਰ ਰੋਹੀ ਪੁਲ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਪੁਲਿਸ ਉਪਰ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਦੌਰਾਨ ਪੁਲਿਸ ਵਲੋਂ ਵੀ ਫਾਈਰਿੰਗ ਕੀਤੀ ਗਈ ਤਾਂ ਫਾਈਰਿੰਗ ਦੌਰਾਨ ਗੈਂਗਸਟਰ ਜ਼ਖਮੀ ਹੋ ਗਿਆ। ਜਿਸ ਦੀ ਪਛਾਣ ਸਾਹਿਲ ਵਜੋਂ ਹੋਈ ਹੈ ਜੋ ਕਿ ਪੁਲਿਸ ਨੂੰ ਇਕ ਦੁਕਾਨ ’ਤੇ ਕੀਤੀ ਫਾਈਰਿੰਗ ਦੇ ਮਾਮਲੇ ’ਚ ਲੋੜੀਦਾ ਸੀ । ਉਨ੍ਹਾਂ ਦੱਸਿਆ ਕਿ ਇਸ ਦਾ ਇਕ ਹੋਰ ਸਾਥੀ ਪਹਿਲਾਂ ਹੀ ਗਿ੍ਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਸਾਹਿਲ ਨੂੰ ਇਲਾਜ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮੋਟਰਸਾਈਕਲ ਅਤੇ ਇਕ ਪਿਸਟਲ ਬਰਾਮਦ ਹੋਇਆ ਹੈ। ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਨੇ ਦੱਸਿਆ ਕਿ ਲੁੱਟਾਂ-ਖੋਹਾਂ, ਫਿਰੌਤੀਆਂ ਦੀਆਂ ਮੰਗਾਂ ਨੂੰ ਲੈ ਕੇ ਲੋਕਾਂ ਦੇ ਘਰਾਂ, ਦੁਕਾਨਾਂ ਉਪਰ ਫਾਈਰਿੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ.(ਡੀ) ਰਿਪੁਤਪਨ ਸਿੰਘ, ਸੀ.ਆਈ.ਏ.ਸਟਾਫ ਦੇ ਇੰਚਾਰਜ ਰਵਿੰਦਰਪਾਲ ਸਿੰਘ, ਥਾਣਾ ਸਿਟੀ ਦੇ ਐੱਸ.ਐੱਚ.ਓ. ਪ੍ਰਮਜੀਤ ਸਿੰਘ ਵਿਰਦੀ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।