ਫਤਿਆਬਾਦ, 15 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਕੇ.ਐਮ.ਐਮ. ਦੇ ਸੱਦੇ ’ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਅਤੇ ਲੈਂਡ ਪੋਲਿੰਗ ਨੀਤੀ ਜੋ ਪੰਜਾਬ ਸਰਕਾਰ ਫਿਰ ਤੋਂ ਲੈ ਕੇ ਆਈ ਹੈ, ਉਸ ਦੇ ਵਿਰੋਧ ਵਿਚ ਸਾਰੇ ਪੰਜਾਬ ’ਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਮੀਡੀਆ ਇੰਚਾਰਜ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਜੋ ਅਮਰੀਕਾ ਨਾਲ ਵਪਾਰ ਸਮਝੌਤਾ ਕਰ ਰਹੀ ਹੈ, ਉਸ ਨਾਲ ਭਾਰਤ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਛੋਟੇ ਦੁਕਾਨਦਾਰ ਤਬਾਹ ਹੋ ਜਾਣਗੇ। ਇਸ ਦੇ ਵਿਰੋਧ ਵਿਚ ਸਾਰੇ ਪੰਜਾਬ ਵਿਚ ਮੋਟਰਸਾਈਕਲ ਰੋਸ ਮਾਰਚ ਕੱਢ ਕੇ ਪ੍ਰਸ਼ਾਸਨ ਦੇ ਰਾਹੀਂ ਕੇਂਦਰ ਸਰਕਾਰ ਤੱਕ ਮੰਗ ਪੱਤਰ ਪਹੁੰਚਾਏ ਗਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਟਾਂਡਾ ਵਲੋਂ ਵੀ ਜ਼ੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਅਤੇ ਜਵਾਹਰ ਸਿੰਘ ਟਾਂਡਾ ਦੀ ਅਗਵਾਈ ਵਿਚ ਰੋਸ ਮਾਰਚ ਕੱਢਿਆ ਗਿਆ ਅਤੇ ਐਸ.ਡੀ.ਐਮ. ਖਡੂਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਣ ਤੋਂ ਪਹਿਲਾਂ ਕਿਸਾਨ ਆਗੂ ਜ਼ੋਨ ਸਕੱਤਰ ਲਖਵਿੰਦਰ ਸਿੰਘ ਸੰਗਤਪੁਰ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਵੇਈਪੂਈਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਇ ਉਨ੍ਹਾਂ ਦੇ ਗਲੇ ਘੁੱਟ ਰਹੀਆਂ ਹਨ। ਸਰਕਾਰਾਂ ਵਲੋਂ ਕਿਸਾਨਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰਾਂ ਸਾਡੀਆਂ ਹੱਕੀ ਮੰਗਾਂ ਨਹੀਂ ਮੰਨਦੀਆਂ ਕਿਸਾਨਾਂ ਵਲੋਂ ਸੰਘਰਸ਼ ਜਾਰੀ ਰਹਿਣਗੇ ਅਤੇ ਕਦੇ ਵੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸਰਕਾਰਾਂ ਦੀ ਤਾਨਾਸ਼ਾਹੀ ਅੱਗੇ ਨਹੀਂ ਝੁਕੇਗੀ। ਕਿਸਾਨ ਆਗੂਆਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੂੰ ਲੈਂਡ ਪੋਲਿੰਗ ਦੀ ਨਵੀਂ ਨੀਤੀ ਰਾਹੀਂ ਇਕ ਇੰਚ ਵੀ ਕਿਸਾਨਾਂ ਦੀ ਜ਼ਮੀਨ ਖੋਹਣ ਨਹੀਂ ਦਿੱਤੀ ਜਾਵੇਗੀ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ। ਇਸ ਮੌਕੇ ਕਾਬਲ ਸਿੰਘ ਭੈਲ, ਗੁਰਦੀਪ ਸਿੰਘ ਭੈਲ, ਹਰਜੀਤ ਸਿੰਘ ਭੋਜੋਵਾਲੀ, ਜਸਪਾਲ ਸਿੰਘ ਭੋਜੋਵਾਲੀ, ਲਖਵਿੰਦਰ ਸਿੰਘ ਸੰਗਤਪੁਰ, ਨਿਸ਼ਾਨ ਸਿੰਘ ਸੰਗਤਪੁਰ, ਜਵਾਹਰ ਸਿੰਘ ਟਾਂਡਾ, ਮੋਹਨ ਸਿੰਘ ਟਾਂਡਾ, ਸਰਦੂਲ ਸਿੰਘ ਧੂੰਦਾ, ਸੁੱਖਾ ਸਿੰਘ ਧੂੰਦਾ, ਨਿਰਮਲ ਸਿੰਘ ਤੁੜ, ਬਾਊ ਸਿੰਘ ਤੁੜ, ਹਰਜੀਤ ਸਿੰਘ ਛਾਪੜੀ ਸਾਹਿਬ, ਸੁਖਚੈਨ ਸਿੰਘ ਛਾਪੜੀ ਸਾਹਿਬ, ਜਗਰੂਪ ਸਿੰਘ ਖਵਾਸਪੁਰ, ਸੰਤੋਖ ਸਿੰਘ ਖਵਾਸਪੁਰ, ਸੁਰਜੀਤ ਸਿੰਘ ਜਾਮਾਰਾਏ, ਗੁਰਵਿੰਦਰ ਸਿੰਘ ਜੌਹਲ, ਸੁਰਜੀਤ ਸਿੰਘ ਜੌਹਲ, ਇਕਬਾਲ ਸਿੰਘ ਗੋਇੰਦਵਾਲ ਸਾਹਿਬ, ਸੁਖਮਨ ਸਿੰਘ ਗੋਇੰਦਵਾਲ ਸਾਹਿਬ, ਦਿਲਦਾਰ ਸਿੰਘ ਗੋਇੰਦਵਾਲ ਸਾਹਿਬ, ਸਵਿੰਦਰ ਸਿੰਘ ਵੇਈਪੂਈਂ, ਕੁਲਦੀਪ ਸਿੰਘ ਵੇਈਪੂਈਂ, ਪ੍ਰਿਤਪਾਲ ਸਿੰਘ ਖਾਨ ਰਜਾਦਾ, ਗੁਰਿੰਦਰ ਸਿੰਘ ਖਾਨ ਰਜਾਦਾ ਅਤੇ ਹੋਰ ਵੀ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਆਗੂ, ਦੁਕਾਨਦਾਰ ਅਤੇ ਮਜ਼ਦੂਰ ਹਾਜ਼ਰ ਸਨ।