ਤਰਨ ਤਾਰਨ, 15 ਜੁਲਾਈ (ਇਕਬਾਲ ਸਿੰਘ ਸੋਢੀ)– ਅੱਜ ਦੇ ਦੌਰ ਵਿਚ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਸਕੂਲ ਭੇਜਣ ਲਈ ਜਿੱਥੇ ਸਰਦੇ ਪੁੱਜਦੇ ਲੋਕ ਆਪਣੀਆਂ ਮਹਿਗੀਆਂ ਗੱਡੀਆਂ ਵਿਚ ਆਪਣੇ ਡਰਾਈਵਰਾਂ ਰਾਹੀਂ ਭੇਜਦੇ ਹਨ ਜਾਂ ਸਕੂਲਾਂ ਵਲੋਂ ਲਗਾਈਆਂ ਗੱਡੀਆਂ ਵਿਚ ਭੇਜਦੇ ਹਨ ਪਰ ਜਿਆਦਾ ਮਾਪੇ ਆਪਣੇ ਬੱਚਿਆਂ ਨੂੰ ਖੁਦ ਆਪਣੀ ਨਿਗਰਾਨੀ ਵਿਚ ਸਕੂਲ ਛੱਡਣ ਜਾਂ ਸਕੂਲੋ ਘਰ ਲਿਆਉਣ ਦਾ ਕਾਰਜ ਮੋਟਰਸਾਈਕਲ, ਸਕੂਟਰ, ਸਾਈਕਲ ਖੁਦ ਚਲਾ ਕੇ ਕਰਦੇ ਹਨ। ਪਰ ਵੇਖਣ ਵਿਚ ਆਇਆ ਹੈ ਕਿ ਜਦ ਬੱਚਿਆਂ ਦੇ ਮਾਤਾ-ਪਿਤਾ ਜਾ ਕੋਈ ਹੋਰ ਘਰਦਾ ਮੈਂਬਰ ਆਪਣੇ ਬੱਚੇ ਨੂੰ ਸਕੂਲੋਂ ਵਾਪਸ ਘਰ ਲਿਆਉਣ ਜਾਂਦਾ ਹੈ ਤਾਂ ਭਾਵੇਂ ਸਖ਼ਤ ਗਰਮੀ ਪੈਂਦੀ ਹੋਵੇ ਜਾਂ ਮੌਸਮ ਖ਼ਰਾਬ ਬਾਰਿਸ਼ ਹੁੰਦੀ ਹੋਵੇ, ਹਨੇਰੀ ਝੱਖੜ ਚਲ ਰਿਹਾ ਹੋਵੇ, ਉਨ੍ਹਾਂ ਨੂੰ ਸਕੂਲ ਦੇ ਬਾਹਰ ਸੜਕ ਕਿਨਾਰੇ ਖੜਨਾ ਪੈਂਦਾ ਹੋ, ਜੋ ਕਿ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੈ । ਇਸ ਸਬੰਧ ਵਿਚ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵਕ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰਾਂ ਵਿਚ ਚੱਲਦੇ ਮਹਿੰਗੇ ਪ੍ਰਾਈਵੇਟ ਸਕੂਲ ਜੋ ਕਿ ਬੱਚਿਆਂ ਕੋਲੋ ਮਨਮਰਜੀ ਦਾ ਦਾਖਲਾ, ਫੀਸਾਂ, ਵਰਦੀਆਂ ਅਤੇ ਕਾਪੀਆਂ, ਕਿਤਾਬਾਂ ਦੇ ਪੈਸੇ ਵਸੂਲ ਕਰਦੇ ਹਨ ਅਤੇ ਲੱਖਾਂ ਵਿਚ ਕਮਾਈ ਕਰਦੇ ਹਨ, ਕੀ ਬੱਚਿਆਂ ਦੇ ਮਾਪਿਆਂ ਵਾਸਤੇ ਸਕੂਲ ਦੇ ਗੇਟ ਨੇੜੇ ਉਡੀਕ ਘਰ ਨਹੀਂ ਉਸਾਰ ਸਕਦੇ, ਜਿੱਥੇ ਘੱਟੋ -ਘੱਟ ਬੈਂਚ ਅਤੇ ਪੱਖਿਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਬੱਚਿਆਂ ਦੇ ਮਾਪੇ ਗਰਮੀ ਸਰਦੀ ਅਤੇ ਧੁੰਦ, ਮੀਹ ਆਦਿ ਤੋਂ ਬਚ ਸਕਣ।