ਪੱਟੀ, 18 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)–ਮਝੈਲ ਇਕੱਠ ਨੂੰ ਕਾਮਯਾਬ ਬਣਾਉਣ ਲਈ ਸੰਗਤਾਂ ਵਲੋਂ ਦਿੱਤੇ ਗਏ ਭਰਪੂਰ ਸਹਿਯੋਗ ਅਤੇ ਪਿਆਰ-ਸਤਿਕਾਰ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿਚ ਧੰਨਵਾਦ ਦੌਰਾ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਪਾਰਟੀ ਦੇ ਹਲਕਾ ਪੱਟੀ ਦੇ ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਖਾਲਸਾ ਅਤੇ ਪਾਰਟੀ ਦੀ ਟੀਮ ਪਿੰਡ ਦੁਬਲੀ ਵਿਖੇ ਪਹੁੰਚੀ, ਜਿੱਥੇ ਉਨ੍ਹਾਂ ਸੰਗਤਾਂ ਨਾਲ ਮੁਲਾਕਾਤ ਕਰਕੇ ਇਕੱਠ ਦੀ ਸਫਲਤਾ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਜਥੇਦਾਰ ਸੁਖਦੇਵ ਸਿੰਘ, ਗੁਰਦੇਵ ਸਿੰਘ ਅਤੇ ਕਵਲਬੀਰ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਹੋਰ ਮਜ਼ਬੂਤ ਕਰਨ, ਜਥੇਬੰਦੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪੰਥਕ ਤੇ ਪੰਜਾਬੀ ਹੱਕਾਂ ਦੀ ਲੜਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਹਾਜ਼ਰ ਲੋਕਾਂ ਨੇ ਰਵਾਇਤੀ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਪ੍ਰਤੀ ਨਿਰਾਸ਼ਾ ਪ੍ਰਗਟ ਕਰਦਿਆਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਵਿਚਾਰਧਾਰਾ ’ਤੇ ਵਿਸ਼ਵਾਸ ਜਤਾਇਆ ਅਤੇ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੁੜਨ ਦਾ ਐਲਾਨ ਕੀਤਾ ।