ਹਰੀਕੇ ਪੱਤਣ, 19 ਜੁਲਾਈ (ਸੰਜੀਵ ਕੁੰਦਰਾ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ਹਾਲੋ ਬੇਹਾਲ ਕਰ ਦਿੱਤਾ ਹੈ ਅਤੇ ਰਹਿੰਦੀ ਕਸਰ ਬਿਜਲੀ ਦੇ ਕੱਟ ਪੂਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਗਰਮੀ ਦਾ ਸਿਖ਼ਰ ਹੋਣ ਕਾਰਨ ਬਿਜਲੀ ਦੀ ਮੰਗ ਵੀ ਪਾਵਰਕਾਮ ਦੇ ਵਸੋਂ ਬਾਹਰ ਹੋ ਗਈ ਹੈ। ਸੂਬੇ ਵਿਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ ਹੋ ਗਈ, ਜਿਸ ਦੀ ਪੂਰਤੀ ਲਈ 11205 ਮੈਗਾਵਾਟ ਬਾਹਰੀ ਸਰੋਤਾਂ ਤੋਂ ਬਿਜਲੀ ਪ੍ਰਾਪਤ ਕੀਤੀ, ਪਰ ਅਜੇ ਵੀ ਬਿਜਲੀ ਦੀ ਪੂਰਤੀ ਨਹੀਂ ਹੋ ਰਹੀ ਅਤੇ ਘੰਟਿਆਂਬੱਧੀ ਲੱਗ ਰਹੇ ਪਾਵਰ ਕੱਟਾਂ ਨਾਲ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਹੈ, ਜਿਸ ਤਰ੍ਹਾਂ ਭਾਰੀ ਗਰਮੀ ਦਾ ਪ੍ਰਕੋਪ ਚੱਲ ਰਿਹਾ ਹੈ। ਇਸ ਨਾਲ ਪਾਵਰਕਾਮ ਦੇ ਹੱਥ ਵੀ ਖੜ੍ਹੇ ਹੋ ਗਏ ਹਨ। ਹੁਣ ਤਾਂ ਲੋਕਾਂ ਅਤੇ ਪਾਵਰਕਾਮ ਦੀ ਟੇਕ ਤਾਂ ਸਿਰਫ਼ ਇੰਦਰ ਦੇਵਤਾ ’ਤੇ ਹੈ, ਤਾਂ ਜੋ ਬਾਰਿਸ਼ਾਂ ਹੋ ਜਾਣ ਤੇ ਫਿਰ ਹੀ ਗਰਮੀ ਦੇ ਪ੍ਵਕੋਪ ਤੋਂ ਰਾਹਤ ਮਿਲ ਸਕਦੀ ਹੈ ।
ਅਰਬਨ ਅਤੇ ਯੂ.ਪੀ.ਐਸ. ’ਚ ਲੱਗ ਰਹੇ ਪਾਵਰਕੱਟਾਂ ਕਾਰਨ ਲੋਕਾਂ ਦਾ ਮੰਦਾ ਹਾਲ
ਹਰੀਕੇ ਬਿਜਲੀ ਘਰ ਤੋਂ 24 ਘੰਟੇ ਬਿਜਲੀ ਸਪਲਾਈ ਵਾਲੇ ਫੀਡਰ ਅਰਬਨ ਅਤੇ ਯੂ.ਪੀ.ਐਸ. ਵਿਚ ਵੀ ਸਪਲਾਈ ਦਾ ਮੰਦਾ ਹਾਲ ਹੈ। ਦਿਨ -ਰਾਤ ਵੱਖ-ਵੱਖ ਸਮਿਆਂ ’ਤੇ ਲੱਗ ਰਹੇ ਘੰਟਿਆਂਬੱਧੀ ਪਾਵਰਕੱਟਾਂ ਤੋਂ ਇਲਾਵਾ ਸਪਲਾਈ ਵਿਚ ਪੈਂਦੇ ਨੁਕਸ ਅਤੇ ਮਰੁੰਮਤ ਲਈ ਲਏ ਜਾਂਦੇ ਪਰਮਿਟ ਕਾਰਨ ਸਪਲਾਈ ਬੰਦ ਹੋਣ ’ਤੇ ਅੱਤ ਦੀ ਗਰਮੀ ਵਿਚ ਲੋਕਾਂ ਵਿੱਚ ਹਾਹਕਾਰ ਹੈ। 18 ਜੁਲਾਈ ਨੂੰ ਸਵੇਰੇ 11 ਵਜੇ ਪਰਮਿਟ ਅਧੀਨ ਬਿਜਲੀ ਸਪਲਾਈ ਬੰਦ ਰਹੀ। ਸ਼ਾਮ 4.25 ਤੋਂ 5.45 ਤੱਕ ਪਾਵਰਕੱਟ ਲੱਗਣ ਕਾਰਨ ਸਪਲਾਈ ਠੱਪ ਰਹੀ ਤੇ ਫਿਰ ਰਾਤ ਨੂੰ 11.40 ਤੋਂ 1 ਵਜੇ ਤੱਕ ਪਾਵਰਕੱਟ ਕਾਰਨ ਬਿਜਲੀ ਬੰਦ ਰਹੀ। 19 ਜੁਲਾਈ ਨੂੰ ਯੂ.ਪੀ.ਐਸ. ਸਵੇਰੇ ਤੜਕੇ 5.15 ਤੋਂ 6.30 ਵਜੇ ਤੱਕ ਪਾਵਰਕੱਟ ਕਾਰਨ ਬਿਜਲੀ ਬੰਦ ਰਹੀ ਅਤੇ ਅੱਡਾ ਹਰੀਕੇ ਵੀ ਦੁਪਹਿਰ 12.15 ਤੋਂ 1.30 ਤੱਕ ਪਰਿਮਟ ਕਾਰਨ ਬੰਦ ਰਹੀ। ਇਨ੍ਹਾਂ ਕੱਟਾਂ ਕਾਰਨ ਲੋਕਾਂ ਦੀ ਹਾਲਤ ਮੰਦੀ ਹੈ।ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਧਾਨ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਵਿਚ ਖੇਤੀ ਸੈਕਟਰ ਸਨਅਤ ਤੋਂ ਉੱਪਰ ਹੈ। ਦੇਸ਼ ਦਾ ਅਨਾਜ ਭੰਡਾਰ ਭਰਨ ਵਿਚ ਪੰਜਾਬ ਦਾ ਮੋਹਰੀ ਰੋਲ ਹੈ। ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਝੋਨੇ ਲਈ 24 ਘੰਟੇ ਬਿਜਲੀ ਸਪਲਾਈ ਦੀ ਲੋੜ ਹੈ, ਪਰ ਪੰਜਾਬ ਸਰਕਾਰ 8 ਘੰਟੇ ਬਿਜਲੀ ਸਪਲਾਈ ਦੇ ਕੇ ਕਿਸਾਨਾਂ ਉੱਪਰ ਅਹਿਸਾਨ ਕਰ ਰਹੀ ਹੈ, ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ, ਇਸ ਵਿਚ 8 ਘੰਟੇ ਵੀ ਬਿਜਲੀ ਸਪਲਾਈ ਨਹੀਂ ਮਿਲ ਰਹੀ। ਝੋਨੇ ਦੀ ਫ਼ਸਲ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਖੇਤੀ ਲਈ 24 ਘੰਟੇ ਬਿਜਲੀ ਸਪਲਾਈ ਦੀ ਲੋੜ ਹੈ। ਸਰਕਾਰ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਬਹਾਲ ਕਰੇ।
ਖੇਤੀ ਸੈਕਟਰ ਨੂੰ ਮਿਲ ਰਹੀ ਹੈ ਸਿਰਫ਼ 4- 5 ਘੰਟੇ ਬਿਜਲੀ
ਜਿੱਥੇ ਪਾਵਰਕੱਟਾਂ ਕਾਰਨ ਹਰ ਪਾਸੇ ਹਾਹਾਕਾਰ ਹੈ, ਉੱਥੇ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਦਾ ਵੀ ਹਾਲ ਮੰਦਾ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਪਾਲਣੀ ਔਖੀ ਹੋਈ ਪਈ ਹੈ। ਭਾਰੀ ਗਰਮੀ ਤੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨੇ ਦੀ ਫਸਲ ਵਿਚ ਤਰੇੜਾਂ ਪੈ ਗਈਆਂ ਹਨ ਅਤੇ ਝੋਨਾ ਸੁੱਕ ਰਿਹਾ ਹੈ । ਜਾਣਕਾਰੀ ਮੁਤਾਬਿਕ 66 ਕੇ.ਵੀ. ਸਬ ਸਟੇਸ਼ਨ ਹਰੀਕੇ ਤੋਂ ਚੱਲਦੇ ਫੀਡਰ ਅਰਬਨ, ਯੂ.ਪੀ.ਐਸ., ਏ.ਪੀ. ਵਿਚ ਪਾਵਕਕੱਟਾਂ ਕਾਰਨ ਅੱਤ ਦੀ ਗਰਮੀ ਵਿਚ ਲੋਕਾਂ ਦਾ ਮੰਦਾ ਹਾਲ ਹੈ। ਹਰੀਕੇ ਬਿਜਲੀ ਘਰ ਤੋਂ ਚੱਲਦੀ ਖੇਤੀ ਸਪਲਾਈ ਵਾਲੇ ਏ.ਪੀ. ਫੀਡਰ ਵਿਚ ਵੀ ਕੱਟ ਲੱਗ ਰਿਹਾ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ’ਤੇ ਵੀ ਅਸਰ ਪੈ ਰਿਹਾ ਹੈ। ਹਰੀਕੇ ਬਿਜਲੀ ਘਰ ਤੋਂ ਖੇਤੀ ਸਪਲਾਈ ਵਾਲੇ 10 ਫੀਡਰ ਚੱਲਦੇ ਹਨ, ਜਿੰਨ੍ਹਾਂ ਨੂੰ 3 ਗਰੁੱਪਾਂ ਵਿਚ ਵੰਡਿਆ ਗਿਆ ਹੈ ਤੇ ਇਨ੍ਹਾਂ ਨੂੰ ਗਰੁੱਪ ਮੁਤਾਬਿਕ ਵੰਡ ਕੇ 24 ਘੰਟਿਆਂ ਵਿਚੋਂ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ, ਪਰ ਇਸ ਵਿਚੋਂ ਵੀ ਬਿਜਲੀ ਕੱਟ ਲੱਗਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਵਿਭਾਗ ਮੁਤਾਬਿਕ 18 ਜੁਲਾਈ ਨੂੰ ਗਰੁੱਪ ਨੰ .1 ਵਿਚ 8 ਘੰਟਿਆਂ ਵਿੱ 2 ਘੰਟੇ ਪਾਵਰਕੱਟ ਲਗਾ ਕੇ ਸਿਰਫ਼ 6 ਘੰਟੇ ਬਿਜਲੀ ਸਪਲਾਈ ਦਿੱਤੀ ਗਈ, ਜਦਕਿ 2 ਅਤੇ 3 ਨੰ ਗਰੁੱਪ ਵਿਚ ਡੇਢ ਘੰਟਾ ਕੱਟ ਲਗਾ ਕੇ 6 ਘੰਟੇ ਦੇ ਕਰੀਬ ਸਪਲਾਈ ਦਿੱਤੀ ਗਈ। ਜਦਕਿ ਕਿਸਾਨਾਂ ਨੇ ਕਿਹਾ ਕਿ ਸਿਰਫ਼ 4-5 ਘੰਟੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਕਿਉਂਕਿ ਪਾਵਰਕੱਟਾਂ ਤੋਂ ਇਲਾਵਾ ਨੁਕਸ ਅਤੇ ਪਰਮਿਟ ਲਈ ਵੀ ਸਪਲਾਈ ਨੂੰ ਬੰਦ ਕੀਤਾ ਜਾਂਦਾ ਹੈ। 19 ਜੁਲਾਈ ਨੂੰ ਵੀ ਨੰ ਗਰੁੱਪ ਨੰ. 2 ਸਵੇਰੇ ਤੜਕੇ 4 ਤੋਂ 5.30 ਵਜੇ ਤੱਕ ਅਤੇ ਗਰੁੱਪ ਨੰ 3 ਦੁਪਹਿਰ 12 ਤੋਂ 1.20 ਤੱਕ ਪਾਵਰਕੱਟ ਕਾਰਨ ਡੇਢ ਘੰਟਾ ਬਿਜਲੀ ਬੰਦ ਰਹੀ।