ਤਰਨ ਤਾਰਨ, 30 ਜੁਲਾਈ (ਹਰਿੰਦਰ ਸਿੰਘ)-ਪੰਜਾਬ ਭਰ ਦੇ ਨਗਰ ਕੌਂਸਲ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 23 ਦਿਨ ਤੋ ਹੜਤਾਲ ’ਤੇ ਬੈਠੇ ਹੋਏ ਹਨ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਬਰਨਾਲਾ ਵਿਖੇ ਸਫਾਈ ਸੇਵਕਾਂ ਉਪਰ ਪੁਲਿਸ ਵਲੋਂ ਕੀਤੇ ਲਾਠੀਚਾਰਜ ਨੂੰ ਲੈ ਕੇ 30 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਤਰਨ ਤਾਰਨ ਸ਼ਹਿਰ ਪੂਰਨ ਤੌਰ ’ਤੇ ਬੰਦ ਰਿਹਾ। ਸ਼ਹਿਰ ਵਿਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਬੰਦ ਨੂੰ ਸਫਲ ਬਣਾਇਆ ਗਿਆ। ਬੰਦ ਦੌਰਾਨ ਨਗਰ ਕੌਂਸਲ ਦੇ ਸਫਾਈ ਸੇਵਕ, ਸੀਵਰਮੈਨਾਂ ਤੋਂ ਇਲਾਵਾ ਹੋਰ ਯੂਨੀਅਨ ਵਲੋਂ ਨਗਰ ਕੌਂਸਲ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ ਅਤੇ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇੇ ਸੰਬੋਧਨ ਕਰਦਿਆਂ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਉਲਟ ਮੁਲਾਜ਼ਮਾਂ ਪ੍ਰਤੀ ਮਾਰੂ ਨੀਤੀਆਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਫਾਈ ਕਾਮੇ ਪਿਛਲੇ 15 ਸਾਲਾਂ ਤੋਂ ਠੇਕੇਦਾਰੀ ’ਤੇ ਕੰਮ ਕਰਦੇ ਆ ਰਹੇ ਹਨ ਪਰ ਸਰਕਾਰ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਧਰਨੇ ’ਤੇ ਬੈਠੇ ਸਫਾਈ ਸੇਵਕਾਂ ਉਪਰ ਬਰਨਾਲਾ ਪੁਲਿਸ ਵਲੋਂ ਜੋ ਤਸ਼ੱਦਦ ਕੀਤਾ ਗਿਆ ਹੈ, ਇਸ ਨੂੰ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਉਪਰ ਤਸ਼ੱਦਦ ਕਰਨ ਵਾਲੇ ਡੀ.ਐੱਸ.ਪੀ. ਅਤੇ ਐੱਸ.ਐੱਚ.ਓ. ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਇਸ ਤੋਂ ਇਲਾਵਾ ਠੇਕੇਦਾਰੀ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ ਅਤੇ ਸਫਾਈ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਰਸ ਦੇ ਅਧਾਰ ’ਤੇ ਨੌਕਰੀਆਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਤੱਕ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਉਨ੍ਹਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ, ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਜੱਜਪਾਲ, ਕ੍ਰਿਸ਼ਨ ਲਾਲ, ਆਸ਼ੂ, ਰਾਕੇਸ਼, ਸਤਨਾਮ, ਜੋਗਿੰਦਰਪਾਲ, ਰਾਜ ਕੁਮਾਰ, ਸਾਹਿਬ ਸਿੰਘ, ਜਸਪਾਲ ਸਿੰਘ, ਬਖਸ਼ੀਸ, ਦੀਪਕ, ਸੁਨੀਲ, ਦੀਪਕ ਕੁਮਾਰ, ਸੰਨੀ, ਸਲਮਾ, ਬੱਬਲੀ, ਰਾਜ ਰਾਣੀ, ਸੰਤੋਸ਼, ਭੋਲੀ, ਸੋਨੀਆ, ਮਿੰਦੋ, ਬੀਰੇ, ਰੈਨੂੰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਫਾਈ ਸੇਵਕ ਕਰਮਚਾਰੀ ਮੌਜੂਦ ਸਨ। ਬੰਦ ਨੂੰ ਲੈ ਕੇ ਤਰਨ ਤਾਰਨ ਪੁਲਿਸ ਵਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ ਅਤੇ ਜਗ੍ਹਾ ਜਗ੍ਹਾ ਪੁਲਿਸ ਮੁਲਾਜ਼ਮ ਤਾਇਨਾਤ ਸਨ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੰਜਾਬ ਬੰਦ ਨੂੰ ਲੈ ਕੇ ਤਰਨ ਤਾਰਨ ਸ਼ਹਿਰ ਵਿਚ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਿਹਾ।