ਤਰਨ ਤਾਰਨ, 31 ਜੁਲਾਈ (ਹਰਿੰਦਰ ਸਿੰਘ)— ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਡੀ.ਆਈ.ਜੀ.ਫਿਰੋਜਪੁਰ ਰੇਂਜ ਸਨੇਹਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਪੀ.(ਡੀ) ਰਿਪੁਤਾਪਨ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਰੁਪਿੰਦਰਪਾਲ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਵਲੋਂ ਹਥਿਆਰਾਂ ਦੀ ਤਸਕਰੀ ’ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ.(ਡੀ) ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਨੂੰ ਹਿਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਰਛਪਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਨੰਦਪੁਰ ਥਾਣਾ ਸਰਹਾਲੀ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਸਬੰਧ ਹਨ ਅਤੇ ਇਹ ਵਿਅਕਤੀ ਸਰੱਹਦ ਪਾਰੋਂ ਵੱਖ-ਵੱਖ ਤਰੀਕਿਆਂ ਰਾਹੀਂ ਨਜਾਇਜ਼ ਹਥਿਆਰ ਅਤੇ ਹੈਰੋਇੰਨ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸਪਲਾਈ ਕਰਦਾ ਹੈ ਅਤੇ ਅੱਜ ਇਹ ਸਰਹੱਦ ਪਾਰੋਂ ਮੰਗਵਾਏ ਗਏ ਵਿਦੇਸ਼ੀ ਪਿਸਤੌਲਾਂ ਅਤੇ ਹੈਰੋਇਨ ਲੈ ਕੇ ਬਿਨਾਂ ਨੰਬਰੀ ਮੋਟਰਸਾਈਕਲ ਪਰ ਅੱਗੇ ਸਪਲਾਈ ਕਰਨ ਲਈ ਪਿੰਡ ਵਰਨਾਲਾ ਵਾਲੀ ਸਾਈਡ ਤੋ ਅਲਗੋ ਕੋਠੀ ਨੂੰ ਜਾ ਰਿਹਾ ਹੈ। ਜੇਕਰ ਹੁਣੇ ਹੀ ਢੁਕਵੀ ਜਗ੍ਹਾ ’ਤੇ ਨਾਕਾਬੰਦੀ ਕੀਤੀ ਜਾਵੇ ਤਾਂ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ ’ਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਵਲੋਂ ਪਿੰਡ ਅਲਗੋ ਕੋਠੀ ਨਜ਼ਦੀਕ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਤਾਂ ਉਸ ਦੌਰਾਨ ਪੁਲਿਸ ਟੀਮ ਵਲੋਂ 1 ਨੌਜਵਾਨ ਨੂੰ ਦੌਰਾਨੇ ਨਾਕਾਬੰਦੀ ਕਾਬੂ ਕੀਤਾ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਰਛਪਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਨੰਦਪੁਰ ਵਜੋ ਹੋਈ। ਉਨ੍ਹਾਂ ਦੱਸਿਆ ਕਿ ਸੀ.ਆਈ.ਆਈ.ਦੀ ਟੀਮ ਵਲੋਂ ਮੌਕੇ ’ਤੇ ਉਨ੍ਹਾਂ ਨੂੰ ਉਥੇ ਬੁਲਾਇਆ ਗਿਆ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਜਦੋਂ ਕਾਬੂ ਕੀਤੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 1 ਕਿਲੋ 17 ਗ੍ਰਾਮ ਹੈਰੋਇਨ, 4 ਪਿਸਟਲ 30 ਬੋਰ ਸਮੇਤ 3 ਮੈਗਜੀਨ, 2 ਜਿੰਦਾ ਰੋਂਦ ਅਤੇ ਇਕ ਮੋਟਰਸਾਇਕਲ ਸਪਲੈਂਡਰ ਬਿੰਨਾ ਨੰਬਰੀ ਬਰਾਮਦ ਕਰਕੇ ਅਗਲੀ ਪੁੱਛ-ਗਿੱਛ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕੀ ਰਛਪਾਲ ਸਿੰਘ ਦੇ ਪਾਕਿਸਤਾਨ ਦੇ ਸਮੱਗਲਰਾ ਨਾਲ ਸਬੰਧ ਹਨ ਅਤੇ ਇਸ ਨੇ ਇਹ ਹਥਿਆਰ ਅਤੇ ਹੈਰੋਇਨ ਪਾਕਿਸਤਾਨ ਪਾਸੋਂ ਮੰਗਵਾਈ ਸੀ ਅਤੇ ਇਸ ਨੇ ਇਹ ਹਥਿਆਰ ਅਤੇ ਹੈਰੋਇੰਨ ਵੱਖ-ਵੱਖ ਜ੍ਹਗਾ ਸਪਲਾਈ ਕਰਨੀ ਸੀ। ਗ੍ਰਿਫਤਾਰ ਨੌਜਵਾਨ ਨੂੰ ਪੇਸ਼ ਅਦਾਲਤ ਕਰਕੇ ਹੋਰ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।