ਨੌਸ਼ਹਿਰਾ ਪੰਨੂੰਆਂ, 31 ਜੁਲਾਈ (ਦੀਪਕ ਮੈਣੀ)-ਨੈਸ਼ਨਲ ਹਾਈਵੇ 54 ’ਤੇ ਨੌਸ਼ਹਿਰਾ ਪੰਨੂੰਆਂ ਤੋਂ ਭੱਠਲ ਭਾਈਕੇ ਅਤੇ ਇਤਿਹਾਸਿਕ ਨਗਰ ਡੇਹਰਾ ਸਾਹਿਬ ਤੋਂ ਹੁੰਦੀ ਹੋਈ ਮੁੰਡਾਪਿੰਡ, ਘੜਕਾ ਨੂੰ ਜਾਣ ਵਾਲੀ ਸੜਕ ਮੰਦੇ ਹਾਲ ਹਨ ਅਤੇ ਰਾਹਗੀਰ ਇਸ ਉੱਪਰ ਲੰਘਣ ਤੋਂ ਅਸਮਰੱਥ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਲੁਹਾਰ ਨੇ ਦੱਸਿਆ ਕਿ ਅੱਜ ਇਲਾਕੇ ਦੇ ਲਗਪਗ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਸੜਕ ’ਤੇ ਆ ਕੇ ਪਾਣੀ ਵਿਚ ਖਲੋ ਕੇ ਆਪਣਾ ਦੁੱਖ ਪ੍ਰਗਟ ਕੀਤਾ ਅਤੇ ਦੱਸਿਆ ਕਿ ਹਾਈਵੇ ਤੋਂ ਥੱਲੇ ਉਤਰਦਿਆਂ ਹੀ ਸੜਕ ’ਤੇ ਪਾਣੀ ਏਨਾ ਡੂੰਘਾ ਹੈ ਕਿ ਸਕੂਟਰਾਂ, ਮੋਟਰਸਾਈਕਲਾਂ ਵਾਲੇ ਰੋਜ ਡਿੱਗ ਕੇ ਸੱਟਾਂ ਲਗਵਾ ਰਹੇ ਹਨ, ਪਰ ਮਹਿਕਮੇ ਵਲੋਂ ਇਸ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਬਲਵੀਰ ਸਿੰਘ ਸਰਪੰਚ ਭੱਠਲ, ਗੁਰਪ੍ਰੀਤ ਸਿੰਘ ਕਾਹਲਵਾਂ , ਦਿਲਬਾਗ ਸਿੰਘ ਕਾਹਲਵਾਂ, ਬਲਵਿੰਦਰ ਸਿੰਘ ਫੈਲੋਕੇ, ਮੁਖਤਾਰ ਸਿੰਘ ਭੱਠਲ ਅਤੇ ਹੋਰ ਦਰਜਨਾਂ ਮੁਹਤਬਰ ਵਿਅਕਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਵੱਲ ਤੁਰੰਤ ਧਿਆਨ ਦੇ ਕੇ ਇਸ ਨੂੰ ਠੀਕ ਕੀਤਾ ਜਾਵੇ, ਤਾਂ ਜੋ ਨਿੱਤ ਲੰਘਣ ਵਾਲੇ ਰਾਹਗੀਰ ਇਸ ਸੜਕ ਉੱਪਰੋਂ ਆਸਾਨੀ ਨਾਲ ਲੰਘ ਸਕਣ। ਜੇਕਰ ਜਿਲ੍ਹਾ ਪ੍ਰਸ਼ਾਸਨ ਵਲੋਂ ਸਮਾਂ ਰਹਿੰਦਿਆਂ ਇਸ ਵੱਲ ਧਿਆਨ ਨਾ ਦਿੱਤਾ ਤਾਂ ਇਲਾਕਾ ਨਿਵਾਸੀ ਇਸ ਸੰਬੰਧੀ ਸਖ਼ਤ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।