ਆਜ਼ਾਦੀ ਦਿਵਸ ਦੇ ਜਸ਼ਨ ਦੌਰਾਨ ਸਟੇਡੀਅਮ ਦੇ ਥੱਲੇ ਕਮਰਿਆਂ ’ਚ ਖਿੱਲਰਿਆ ਮਿਲਿਆ ਨਸ਼ੇ ਦਾ ਸਾਮਾਨ
ਨਸ਼ਿਆਂ ਵਿਰੁੱਧ ਭਾਸ਼ਣਾਂ ਦੇ ਉਲਟ ਜ਼ਮੀਨੀ ਹਕੀਕਤ; ਸਫ਼ਾਈ ਤੇ ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ
ਪੱਟੀ, 17 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਦੇਸ਼ ਦੇ ਆਜ਼ਾਦੀ ਦਿਵਸ ਦਾ ਸਮਾਗਮ ਪੱਟੀ ਦੇ ਖੇਡ ਸਟੇਡੀਅਮ ਵਿਖੇ ਐੱਸ. ਡੀ.
ਹ
ਹੋਰ ਸਾਮਾਨ ਦਾ ਦਿ੍ਸ਼।
18-08-2026
ਪੱਟੀ, 17 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਦੇਸ਼ ਦੇ ਆਜ਼ਾਦੀ ਦਿਵਸ ਦਾ ਸਮਾਗਮ ਪੱਟੀ ਦੇ ਖੇਡ ਸਟੇਡੀਅਮ ਵਿਖੇ ਐੱਸ.ਡੀ.ਐੱਮ. ਭੱਟੀ ਅਮਨਦੀਪ ਵਲੋਂ ਤਿਰੰਗਾ ਲਹਿਰਾ ਕੇ ਮਨਾਇਆ ਗਿਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਦੇ ਨੁੰਮਾਇੰਦਿਆਂ ਵਲੋਂ ਦੇਸ਼ ਦੀ ਤਰੱਕੀ ਦੇ ਨਾਲ-ਨਾਲ ਨਸ਼ਿਆਂ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਦਾ ਸੱਦਾ ਦਿੱਤਾ ਗਿਆ, ਪਰ ਇਸੇ ਸਟੇਡੀਅਮ ਦੇ ਥੱਲੇ ਬਣੇ ਕਮਰਿਆਂ ਅਤੇ ਬਾਥਰੂਮਾਂ ਦੀ ਹਾਲਤ ਪ੍ਰਸ਼ਾਸਨ ਦੇ ਨਸ਼ਾ ਵਿਰੋਧੀ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਨਜ਼ਰ ਆਈ। ਸਟੇਡੀਅਮ ਦੇ ਬੰਦ ਪਏ ਕਮਰਿਆਂ ਵਿਚ ਨਸ਼ਾ ਕਰਨ ਲਈ ਵਰਤੀਆਂ ਜਾਂਦੀਆਂ ਪੰਨੀਆਂ, ਖਾਲੀ ਪਾਣੀ ਦੀਆਂ ਬੋਤਲਾਂ ਅਤੇ ਹੋਰ ਕੂੜਾ ਖਿੱਲਰਿਆ ਹੋਇਆ ਦਿਖਾਈ ਦਿੱਤਾ। ਇਨ੍ਹਾਂ ਥਾਵਾਂ ਦੀ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਇਹ ਸਥਾਨ ਨਸ਼ੇੜੀਆਂ ਲਈ ਆਸਾਨ ਪਨਾਹਗਾਹ ਬਣਦੇ ਦਿਖਾਈ ਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਜ਼ਾਦੀ ਦਿਵਸ ਦੇ ਸਮਾਗਮ ਦੌਰਾਨ ਸਟੇਡੀਅਮ ਵਿਚ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਸਰਕਾਰੀ ਨੁੰਮਾਇੰਦੇ ਮੌਜੂਦ ਹੋਣ ਦੇ ਬਾਵਜੂਦ ਇਨ੍ਹਾਂ ਕਮਰਿਆਂ ਦੀ ਸਫ਼ਾਈ ਅਤੇ ਸੁਰੱਖਿਆ ਵੱਲ ਕਿਸੇ ਦਾ ਧਿਆਨ ਨਹੀਂ ਗਿਆ । ਇਕ ਪਾਸੇ ਸਮਾਗਮ ਦੀ ਸਟੇਜ ਤੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ, ਜਦਕਿ ਦੂਜੇ ਪਾਸੇ ਸਟੇਡੀਅਮ ਦੇ ਥੱਲੇ ਕਮਰਿਆਂ ਵਿਚ ਨਸ਼ੇ ਨਾਲ ਸਬੰਧਤ ਵਰਤੋਂ ਦੀਆਂ ਨਿਸ਼ਾਨੀਆਂ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਹਕੀਕਤ ਬਿਆਨ ਕਰ ਰਹੀਆਂ ਸਨ। ਇਸ ਸਥਿਤੀ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਟੇਡੀਅਮ ਦੇ ਇਨ੍ਹਾਂ ਕਮਰਿਆਂ ਦੀ ਤੁਰੰਤ ਸਫ਼ਾਈ ਕਰਵਾਉਣ ਦੇ ਨਾਲ-ਨਾਲ ਉੱਥੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਨਸ਼ਿਆਂ ਖ਼ਿਲਾਫ਼ ਕੀਤੇ ਜਾਣ ਵਾਲੇ ਐਲਾਨ ਸਿਰਫ਼ ਭਾਸ਼ਣਾਂ ਅਤੇ ਫ਼ਾਈਲਾਂ ਤੱਕ ਸੀਮਤ ਨਾ ਰਹਿਣ, ਸਗੋਂ ਉਨ੍ਹਾਂ ਦਾ ਅਸਰ ਜ਼ਮੀਨੀ ਪੱਧਰ ’ਤੇ ਵੀ ਦਿਖਾਈ ਦੇਣਾ ਚਾਹੀਦਾ ਹੈ।