ਡੀ.ਏ.ਪੀ. ,ਯੂਰੀਆ ਖਾਦ ਤੇ ਹੋਰ ਕਿਸਾਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਕਿਸਾਨ ਜਥੇਬੰਦੀਆਂ ਦੇ ਡੈਪੂਟੇਸ਼ਨ ਨੂੰ ਮੁੱਖ ਖੇਤੀਬਾੜੀ ਅਫ਼ਸਰ ਭੰਗੂ ਨੇ ਦਿੱਤਾ ਭਰੋਸਾ
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)-ਡੀ. ਏ.
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)-ਡੀ.ਏ.ਪੀ., ਯੂਰੀਆ ਖਾਦ ਤੇ ਹੋਰ ਖੇਤੀਬਾੜੀ ਦੇ ਕੰਮਾਂ ਵਿਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਕਿਸਾਨ ਜਥੇਬੰਦੀਆਂ ਦਾ ਡੈਪੂਟੇਸ਼ਨ ਮੁੱਖ ਖੇਤੀਬਾੜੀ ਅਫਸਰ ਤੇਜਬੀਰ ਸਿੰਘ ਭੰਗੂ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਰਵੀ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਏਕਤਾ ਦੇ ਸੂਬਾ ਪ੍ਰਧਾਨ ਨਿਰਵੈਰ ਸਿੰਘ ਡਾਲੇਕੇ ਦੀ ਅਗਵਾਈ ਹੇਠ ਮਿਲਿਆ, ਜਿਸ ਵਿਚ ਖੇਤੀਬਾੜੀ ਅਫਸਰ ਨਾਲ ਜ਼ਿਲ੍ਹਾ ਤਰਨ ਤਾਰਨ ਵਿਚ ਸਬਜ਼ੀ ਬੀਜਣ ਵਾਲੇ ਕਿਸਾਨਾਂ ਨੂੰ ਲੋੜੀਂਦੀ ਡਾਈ ਅਤੇ ਯੂਰੀਆ ਦਾ ਪ੍ਰਬੰਧ ਕਰਵਾਉਣਾ ਅਤੇ ਖਾਦ ਵਿਕਰੇਤਾ ਦੁਕਾਨਦਾਰਾਂ ਵਲੋਂ ਖਾਦ ਦੇ ਨਾਲ-ਨਾਲ ਹੋਰ ਸਾਮਾਨ ਵੇਚਣ ਤੋਂ ਰੋਕਣ ਸੰਬੰਧੀ ਵਿਸਥਾਰ ਵਿਚ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਵਲੋਂ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਖੇਤੀਬਾੜੀ ਮਹਿਕਮੇਂ ਦੀਆਂ ਸਿਫਾਰਿਸ਼ਾਂ ਅਨੁਸਾਰ ਸਬਜ਼ੀ ਵਾਲੇ ਕਿਸਾਨਾਂ ਅਤੇ ਕਣਕ ਦੀ ਬਿਜਾਈ ਵਾਲੇ ਕਿਸਾਨਾਂ ਨੂੰ ਖਾਦ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖਾਦ ਦੇ ਨਾਲ ਜੇਕਰ ਦੁਕਾਨਦਾਰ ਕਿਸਾਨਾਂ ਨੂੰ ਜਬਰੀ ਹੋਰ ਸਾਮਾਨ ਖਰੀਦਣ ਲਈ ਕਹਿਣ ਤਾਂ ਕਿਸਾਨ ਸਾਡੇ ਨਾਲ ਜਾਂ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਨ ਕਿਸਾਨਾਂ ਨੂੰ ਅਜਿਹੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਦੁਕਾਨ ਦੇ ਬਾਹਰ ਖਾਦ ਦੇ ਸਟਾਕ ਦੀ ਸੂਚਨਾ ਲਿਖਣ ਅਤੇ ਰੇਟ ਸੰਬੰਧੀ ਹਦਾਇਤਾਂ ਕਰ ਦਿੱਤੀਆਂ ਜਾਣਗੀਆਂ, ਤਾਂ ਜੋ ਕਿਸਾਨਾਂ ਦੀ ਖਾਦ ਸੰਬੰਧੀ ਕਿਸੇ ਕਿਸਮ ਦੀ ਲੁੱਟ ਨਾ ਹੋ ਸਕੇ। ਕਿਸਾਨਾਂ ਦੇ ਇਸ ਡੈਪੂਟੇਸ਼ਨ ਵਿਚ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਏਕਤਾ ਦੇ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਤਖਤ ਮੱਲ, ਜ਼ਿਲ੍ਹਾ ਪ੍ਰੈਸ ਸਕੱਤਰ ਜਤਿੰਦਰ ਸਿੰਘ, ਤਰਸੇਮ ਸਿੰਘ, ਜਰਨੈਲ ਸਿੰਘ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਦਾਈ ਕੇ, ਪ੍ਰਦੀਪ ਸਿੰਘ ਛੰਨਾ ਸਰਜਾ ਮਿਰਜ਼ਾ, ਭੁਪਿੰਦਰ ਸਿੰਘ ਨਦੋਹਰ ਅਤੇ ਦਿਲਬਾਗ ਸਿੰਘ ਹਾਜ਼ਰ ਸਨ।