ਤਰਨ ਤਾਰਨ ਦਾਣਾ ਮੰਡੀ ’ਚ ਪਰਮਲ ਦੀ ਸਰਕਾਰੀ ਖ੍ਰੀਦ ਨਹੀਂ ਹੋ ਸਕੀ ਸ਼ੁਰੂ
ਤਰਨ ਤਾਰਨ, 1 ਅਕਤੂਬਰ (ਪਰਮਜੀਤ ਜੋਸ਼ੀ)—ਭਾਵੇਂ ਕਿ ਸਰਕਾਰੀ ਆਦੇਸ਼ ਮੁਤਾਬਿਕ ਦਾਣਾ ਮੰਡੀਆਂ ਵਿਚ ਪਰਮਲ (ਝੋਨਾ) ਦੀ ਸਰਕਾਰੀ ਖ੍ਰੀਦ ਕਰਨ ਸੰਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਪ੍ਰੰਤੂ ਤਰਨ ਤਾਰਨ ਦੀ ਦਾਣਾ ਮੰਡੀ ਵਿਚ ਆਈ ਪਰਮਲ ਦੀ ਸਰਕਾਰੀ ਖ੍ਰੀਦ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ, ਉਥੇ ਕੁਝ ਪ੍ਰਾਈਵੇਟ ਏਜੰਸੀਆਂ ਵਲੋਂ ਪਰਮਲ ਦੀ ਖ੍ਰੀਦ ਜਰੂਰ ਕੀਤੀ ਜਾ ਰਹੀ ਹੈ। ਸਰਕਾਰੀ ਖ੍ਰੀਦ ਸ਼ੁਰੂ ਨਾ ਹੋਣ ਦਾ ਕਾਰਨ ਕਿਸਾਨਾਂ ਵਲੋਂ ਮੰਡੀਆਂ ਵਿਚ ਲਿਆਂਦੀ ਜਾ ਰਹੀ ਗਿੱਲ ਵੱਧ ਹੋਣ ਕਾਰਨ ਦੱਸਿਆ ਜਾ ਰਿਹਾ ਹੈ।
ਤਰਨ ਤਾਰਨ, 1 ਅਕਤੂਬਰ (ਪਰਮਜੀਤ ਜੋਸ਼ੀ)—ਭਾਵੇਂ ਕਿ ਸਰਕਾਰੀ ਆਦੇਸ਼ ਮੁਤਾਬਿਕ ਦਾਣਾ ਮੰਡੀਆਂ ਵਿਚ ਪਰਮਲ (ਝੋਨਾ) ਦੀ ਸਰਕਾਰੀ ਖ੍ਰੀਦ ਕਰਨ ਸੰਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਪ੍ਰੰਤੂ ਤਰਨ ਤਾਰਨ ਦੀ ਦਾਣਾ ਮੰਡੀ ਵਿਚ ਆਈ ਪਰਮਲ ਦੀ ਸਰਕਾਰੀ ਖ੍ਰੀਦ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ, ਉਥੇ ਕੁਝ ਪ੍ਰਾਈਵੇਟ ਏਜੰਸੀਆਂ ਵਲੋਂ ਪਰਮਲ ਦੀ ਖ੍ਰੀਦ ਜਰੂਰ ਕੀਤੀ ਜਾ ਰਹੀ ਹੈ। ਸਰਕਾਰੀ ਖ੍ਰੀਦ ਸ਼ੁਰੂ ਨਾ ਹੋਣ ਦਾ ਕਾਰਨ ਕਿਸਾਨਾਂ ਵਲੋਂ ਮੰਡੀਆਂ ਵਿਚ ਲਿਆਂਦੀ ਜਾ ਰਹੀ ਗਿੱਲ ਵੱਧ ਹੋਣ ਕਾਰਨ ਦੱਸਿਆ ਜਾ ਰਿਹਾ ਹੈ। ਕਿਉਂਕਿ ਸਰਕਾਰ ਵਲੋਂ ਤੈਅ ਕੀਤੇ ਗਏ ਪੈਮਾਨੇ ਅਨੁਸਾਰ ਫਸਲ 17 ਫੀਸਦੀ ਤੱਕ ਗਿੱਲੀ ਹੀ ਖ੍ਰੀਦੀ ਜਾ ਸਕਦੀ ਹੈ, ਇਸ ਤੋਂ ਜਿਆਦਾ ਨਹੀਂ। ਜਿਸ ਕਾਰਨ ਅਧਿਕਾਰੀਆਂ ਵਲੋਂ ਪਰਮਲ ਦੀ ਖ੍ਰੀਦ ਨਹੀਂ ਕੀਤੀ ਜਾ ਰਹੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਨੇ ਕਿਹਾ ਕਿ ਮੰਡੀ ਵਿਚ ਪਰਮਲ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਪਰ ਪਰਮਲ ਵਿਚ ਜਿਆਦਾ ਨਮੀ ਹੋਣ ਕਾਰਨ ਫਸਲ ਦੀ ਸਰਕਾਰੀ ਖ੍ਰੀਦ ਸ਼ੁਰੂ ਨਹੀਂ ਹੋ ਸਕੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਚੰਗੀ ਤਰ੍ਹਾਂ ਸੁਕਾ ਅਤੇ ਪਕਾ ਕੇ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਸਮੇਂ ਕੋਈ ਦਿੱਕਤ ਨਾ ਆਵੇ ਅਤੇ ਉਨ੍ਹਾਂ ਨੂੰ ਫਸਲ ਦਾ ਸਰਕਾਰੀ ਭਾਅ ਮਿਲ ਸਕੇ।