ਥਾਣਾ ਚੋਹਲਾ ਸਾਹਿਬ ਦਾ ਘਿਰਾਓ ਕਰਕੇ ਕਿਸਾਨ ਜਥੇਬੰਦੀ ਵਲੋਂ ਰੋਸ ਪ੍ਰਦਰਸ਼ਨ
ਚੋਹਲਾ ਸਾਹਿਬ, 3 ਅਕਤੂਬਰ (ਬਲਵਿੰਦਰ ਸਿੰਘ)—ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਥਾਣਾ ਚੋਹਲਾ ਸਾਹਿਬ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਘੜਕਾ ਵਾਸੀ ਸਾਬਕਾ ਫੌਜੀ ਕਿਸਾਨ ਹੀਰਾ ਸਿੰਘ ਦੀ ਟਰਾਲੀ ਚੋਰੀ ਦੇ ਮਾਮਲੇ ਵਿਚ ਪੁਲਿਸ ਵਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ।
ਚੋਹਲਾ ਸਾਹਿਬ, 3 ਅਕਤੂਬਰ (ਬਲਵਿੰਦਰ ਸਿੰਘ)—ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਥਾਣਾ ਚੋਹਲਾ ਸਾਹਿਬ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਘੜਕਾ ਵਾਸੀ ਸਾਬਕਾ ਫੌਜੀ ਕਿਸਾਨ ਹੀਰਾ ਸਿੰਘ ਦੀ ਟਰਾਲੀ ਚੋਰੀ ਦੇ ਮਾਮਲੇ ਵਿਚ ਪੁਲਿਸ ਵਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਚੋਹਲਾ ਸਾਹਿਬ ਵਾਸੀ ਦਵਿੰਦਰ ਸਿੰਘ ਪੁੱਤਰ ਬੀਰਾ ਸਿੰਘ ਨਾਲ ਰਾਜਸਥਾਨ ਦੇ ਬੀਕਾਨੇਰ ਵਿਖੇ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਵੀ ਪਿਛਲੇ ਦੋ ਮਹੀਨਿਆਂ ਤੋਂ ਕਾਰਵਾਈ ਨਾ ਹੋਣ ਦੇ ਦੋਸ਼ ਲਗਾਏ ਗਏ। ਜਥੇਬੰਦੀ ਵਲੋਂ ਐੱਸ.ਐੱਚ.ਓ. ਰਣਜੀਤ ਸਿੰਘ ’ਤੇ ਇੱਕ ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਦੋਸ਼ ਵੀ ਲਗਾਏ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਮਹਿੰਦੀਪੁਰ, ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਚੰਬਾ, ਜਨਰਲ ਸਕੱਤਰ ਜਸਬੀਰ ਸਿੰਘ ਬਾਠ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ। ਥਾਣਾ ਮੁਖੀ ਰਣਜੀਤ ਸਿੰਘ ਨੇ ਕਿਸਾਨ ਜਥੇਬੰਦੀ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਕੋਲੋਂ ਕੋਈ ਰਿਸ਼ਵਤ ਨਹੀਂ ਲਈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲਿਆਂ ਵਿਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।