ਲੁਧਿਆਣਾ, 2 ਜਨਵਰੀ (ਜਤਿੰਦਰ ਭੰਬੀ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਜੋ ਨਵਾਂ ਐਕਟ 'ਵਿਕਸਤ ਭਾਰਤ' ਲਿਆਂਦਾ ਗਿਆ ਹੈ, ਉਸ ਦੇ ਵਿਰੋਧ ਵਿਚ ਰਾਸ਼ਟਰਪਤੀ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀ ਮੰਗ ਪੱਤਰ ਭੇਜ ਕੇ ਵਿਰੋਧ ਜਤਾਇਆ ਹੈ | ਉਨ੍ਹਾਂ ਇਸ ਮੰਗ ਪੱਤਰ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਸ ਨਾਲ ਪਿੰਡਾਂ ਵਿਚ ਇਸ ਯੋਜਨਾ ਅਧੀਨ ਕੰਮ ਕਰਨ ਵਾਲਿਆਂ ਦੇ ਰੁਜ਼ਗਾਰ 'ਤੇ ਮਾੜਾ ਪ੍ਰਭਾਵ ਪਏਗਾ, ਕਿਉਂਕਿ ਪਹਿਲਾਂ ਤੋਂ ਚੱਲ ਰਹੇ 'ਮਨਰੇਗਾ' ਨੂੰ ਬਦਲ ਕੇ ਨਵਾਂ ਐਕਟ-ਵਿਕਸਤ ਭਾਰਤ-ਗਰੰਟੀ ਫ਼ਾਰ ਰੋਜ਼ਗਾਰ ਐਂਡ ਅਜੀਵਕਾ ਮਿਸ਼ਨ (ਗ੍ਰਾਮੀਣ) ਬਣਾਇਆ ਗਿਆ ਹੈ | ਉਨ੍ਹਾਂ ਨੇ ਇਸ ਸਬੰਧੀ ਕੁੱਝ ਸੁਝਾਅ ਵੀ ਭੇਜੇ ਅਤੇ ਕਿਹਾ ਕਿ ਹਰੇਕ ਸੂਬੇ ਵਲੋਂ 40 ਫ਼ੀਸਦੀ ਹਿੱਸਾ ਨਾ ਪਾਏ ਜਾਣ ਦੀ ਸੂਰਤ ਵਿਚ ਇਸ ਨਾਲ ਸਬੰਧਿਤ ਸੂਬੇ ਰੋਜ਼ਗਾਰ ਦੇਣ ਤੋਂ ਅਸਮਰਥ ਹੋ ਜਾਣਗੇ, ਜਿਸਦਾ ਮਾੜਾ ਪ੍ਰਭਾਵ ਉਨ੍ਹਾਂ ਲੋਕਾਂ 'ਤੇ ਜਾਵੇਗਾ ਜੋ ਇਸ ਰੁਜ਼ਗਾਰ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ | ਉਨ੍ਹਾਂ ਪੰਜਾਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਪਿਛਲੇ ਲੰਬੇ ਸਮੇਂ ਤਾੋ ਕਿਸੇ ਵੀ ਸਰਕਾਰ ਵਲੋਂ ਇਸਦਾ ਵਿੱਤੀ ਕਰਜ਼ਾ ਉਤਾਰਨ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ | ਇਸ ਕਰਕੇ ਇਸ ਯੋਜਨਾਂ ਨਾਲ ਕੀਤੀ ਗਈ ਛੇੜਛਾੜ ਨਾਲ ਸੂਬੇ ਦੇ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਤਾਂ ਦੂਰ ਦੀ ਗੱਲ ਰੁਜ਼ਗਾਰ ਮਿਲਣਾ ਹੀ ਅਸੰਭਵ ਹੋ ਜਾਵੇਗਾ ਅਤੇ ਇਸ ਮੱਦ ਨੂੰ ਮੁੱਦਾ ਬਣਾ ਕੇ ਸੂਬਾ ਸਰਕਾਰ ਰੁਜ਼ਗਾਰ ਦੇਣ ਤੋਂ ਟਾਲ਼ਾ ਵੱਟ ਜਾਵੇਗੀ | ਇਸ ਮੰਗ ਪੱਤਰ ਵਿਚ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਨਰੇਗਾ ਅਧੀਨ ਕੰਮ ਕਰ ਚੁੱਕੇ ਕਾਮਿਆਂ ਦੇ ਬਕਾਏ ਵੀ ਜਲਦ ਦਿੱਤੇ ਜਾਣ | ਇਸ ਮੌਕੇ ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆਂ, ਦਿਹਾਤੀ ਇੰਚਾਰਜ ਪਰਗਨ ਸਿੰਘ ਬਿਲਗਾ, ਸ਼ਹਿਰੀ ਜਨਰਲ ਸਕੱਤਰ ਸੋਨੂੰ ਅੰਬੇਦਕਰੀ, ਨਰੇਸ਼ ਕੁਮਾਰ ਬਸਰਾ, ਸੁਖਦੇਵ ਚੱਡਾ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ, ਕਪਿਲ ਕੁਮਾਰ, ਅਮਰੀਕ ਸਿੰਘ ਘੁਲਾਲ ਕੁਆਰਡੀਨੇਟਰ ਲੁਧਿਆਣਾ, ਬਿੱਟੂ ਸ਼ੇਰਪੁਰੀਆ ਮੀਡੀਆ ਇੰਚਾਰਜ ਅਤੇ ਗੁਰਮੀਤ ਸਿੰਘ ਰੇਲਵੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਹੁਜਨ ਸਮਾਜ ਪਾਰਟੀ ਦੇ ਵਰਕਰ ਮੌਜੂਦ ਸਨ |