ਹੁਸ਼ਿਆਰਪੁਰ, 2 ਜਨਵਰੀ (ਨਰਿੰਦਰ ਸਿੰਘ ਬੱਡਲਾ)-ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਗਿਆ ਹੈ, ਪ੍ਰੰਤੂ ਸੂਬੇ ਦੀ 'ਆਪ' ਸਰਕਾਰ ਪੱਤਰਕਾਰਤਾ ਨੂੰ ਦਬਾਉਣ ਲਈ ਤਾਕਤ ਦੀ ਨੁਮਾਇਸ਼ ਕਰ ਰਹੀ ਹੈ, ਇੱਥੋਂ ਤੱਕ ਕਿ ਜੇਕਰ ਕੋਈ ਪੱਤਰਕਾਰ ਸਰਕਾਰ ਦੇ ਕੰਮਾਂ ਦੀ ਅਲੋਚਨਾ ਕਰਦਾ ਹੈ ਤਾਂ ਉਸ 'ਤੇ ਪੁਲਿਸ ਵਲੋਂ ਮਾਮਲੇ ਦਰਜ ਕੀਤੇ ਜਾਂਦੇ ਹਨ | ਸਰਕਾਰ ਦੀ ਅਜਿਹੀ ਹੋਛੀ ਕਾਰਵਾਈ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਹ ਪ੍ਰਗਟਾਵਾ ਹੁਸ਼ਿਆਰਪੁਰ ਪੈੱ੍ਰਸ ਕਲੱਬ ਦੇ ਪ੍ਰਧਾਨ ਬਲਜਿੰਦਰਪਾਲ ਸਿੰਘ ਨੇ ਬਠਿੰਡਾ ਤੇ ਲੁਧਿਆਣਾ ਦੇ ਪੱਤਰਕਾਰਾਂ ਤੇ ਯੂ-ਟਿਊਬਰਾਂ ਖ਼ਿਲਾਫ਼ ਸਾਈਬਰ ਸੈੱਲ ਵਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਵਲੋਂ ਦਰਜ ਕੀਤੇ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਰਾਹੀਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਭੇਜਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਕਿਸੇ ਨੂੰ ਵੀ ਲਿਖਣ ਅਤੇ ਬੋਲਣ ਦੀ ਆਜ਼ਾਦੀ ਹੈ ਤੇ ਕੋਈ ਵੀ ਵਿਅਕਤੀ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ 'ਚ ਪੇਸ਼ਾਵਰ ਅਤੇ ਸਮਾਜਿਕ ਜ਼ਿੰਮੇਵਾਰੀ ਨਿਭਾਅ ਰਹੇ ਪੱਤਰਕਾਰਾਂ ਤੇ ਯੂ-ਟਿਊਬਰਾਂ ਖ਼ਿਲਾਫ਼ ਫ਼ੌਜਦਾਰੀ ਮਾਮਲੇ ਦਰਜ ਕਰਨਾ, ਸੰਵਿਧਾਨ ਰਾਹੀਂ ਦਿੱਤੀ ਗਈ ਲਿਖਣ ਤੇ ਬੋਲਣ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ | ਇਸ ਮੌਕੇ ਸਮੂਹ ਪੱਤਰਕਾਰਾਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਬਠਿੰਡਾ ਤੇ ਲੁਧਿਆਣਾ ਦੇ ਪੱਤਰਕਾਰਾਂ ਤੇ ਯੂ-ਟਿਊਬਰਾਂ ਖ਼ਿਲਾਫ਼ ਦਰਜ ਕੀਤੇ ਮਾਮਲੇ ਸਰਕਾਰ ਤੋਂ ਤੁਰੰਤ ਰੱਦ ਕਰਵਾਏ ਜਾਣ | ਇਸ ਮੌਕੇ ਸੀਨੀਅਰ ਪੱਤਰਕਾਰ ਨਰਿੰਦਰ ਮੋਹਨ ਸ਼ਰਮਾ, ਡਾ. ਸੰਜੀਵ ਕੁਮਾਰ ਬਖ਼ਸ਼ੀ, ਹਜ਼ਾਰੀ ਲਾਲ, ਸੰਦੀਪ ਸ਼ਰਮਾ, ਨਰਿੰਦਰ ਸਿੰਘ ਬੱਡਲਾ, ਚੇਤਨ ਕਸ਼ਅਪ, ਕੇ.ਐਸ. ਪਰਮਾਰ, ਜਗਦੀਪ ਸਿੰਘ, ਅਭਿਸ਼ੇਕ ਭਾਟੀਆ, ਅਮਰੀਕ ਕੁਮਾਰ, ਸੁਖਵਿੰਦਰ ਸਿੰਘ ਘੁੰਨੀ, ਕਮਲ ਕੁਮਾਰ, ਗੋਬਿੰਦਜੀਤ ਸਿੰਘ, ਸੁਖਵਿੰਦਰ ਸਿੰਘ ਹੀਰਾ, ਹਰਜਾਪ ਸਿੰਘ, ਰਾਕੇਸ਼ ਸ਼ਰਮਾ, ਨਰੇਸ਼ ਕੁਮਾਰ ਸਾਬਾ, ਵਿਜੇ ਕੁਮਾਰ, ਰਾਜ ਕੁਮਾਰ ਥਾਪਰ, ਪਿ੍ੰਸ ਕੁਮਾਰ ਆਦਿ ਹਾਜ਼ਰ ਸਨ |