ਲੁਧਿਆਣਾ, 2 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਨਗਰ ਕੀਰਤਨ ਅੱਜ 3 ਜਨਵਰੀ 2026 ਨੂੰ ਸਜਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਵਲੋਂ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਦੁਪਹਿਰ 1.00 ਵਜੇ ਆਰੰਭ ਹੋਵੇਗਾ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਜੇਲ੍ਹ ਰੋਡ, ਬੈਰਿੰਗ ਮਾਰਕੀਟ, ਘੰਟਾ ਘਰ ਚੌਂਕ, ਚੌੜਾ ਬਾਜ਼ਾਰ, ਗਿਰਜਾ ਘਰ ਚੌਂਕ,ਚੌੜੀ ਸੜਕ, ਡਵੀਜ਼ਨ ਨੰਬਰ 3, ਬਾਬਾ ਥਾਨ ਸਿੰਘ ਚੌਂਕ, ਗੁ: ਛੇਵੀਂ ਪਾਤਸ਼ਾਹੀ, ਸੀ.ਐਮ.ਸੀ ਚੌਂਕ, ਖੁੱਡ ਮੁਹੱਲਾ, ਪੁਰਾਣਾ ਸਿਵਿਲ ਹਸਪਤਾਲ, ਬਰਾਊਨ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ | ਨਗਰ ਕੀਰਤਨ ਵਿਚ ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਸਿਆਸੀ ਪਾਰਟੀਆਂ ਦੇ ਆਗੂ, ਗੱਤਕਾ ਪਾਰਟੀਆਂ, ਸਕੂਲੀ ਬੱਚੇ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨਗੇ | ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 5 ਜਨਵਰੀ ਦਿਨ ਸੋਮਵਾਰ ਸਵੇਰੇ ਅੰਮਿ੍ਤ ਵੇਲੇ 4.00 ਵਜੇ ਤੋਂ ਦੇਰ ਰਾਤ 12.30 ਵਜੇ ਤੱਕ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹੈ, ਇਨ੍ਹਾਂ ਸਮਾਗਮਾਂ ਵਿਚ ਭਾਈ ਰਣਧੀਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਜਲਵਿੰਦਰ ਸਿੰਘ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਅੰਮਿ੍ਤਸਰ, ਭਾਈ ਓਮਪ੍ਰੀਤ ਸਿੰਘ, ਭਾਈ ਗੁਰਤੇਜ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬੀਬੀ ਇੰਦਰਜੀਤ ਕੌਰ, ਸਪਰਿੰਗ ਡੇਲ ਸਕੂਲ ਦੇ ਬੱਚੇ, ਭਾਈ ਮਨਦੀਪ ਸਿੰਘ, ਗਿਆਨੀ ਬੇਅੰਤ ਸਿੰਘ, ਭਾਈ ਜਗਤਾਰ ਸਿੰਘ, ਗਿਆਨੀ ਜਗਮੋਹਨ ਸਿੰਘ ਆਦਿ ਹਾਜ਼ਰੀਆਂ ਭਰਨਗੇ ਅਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਦੁਆਰਾ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਅੰਮਿ੍ਤ ਸੰਚਾਰ 5 ਜਨਵਰੀ ਸ਼ਾਮ 6.00 ਵਜੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਅੰਮਿ੍ਤ ਦਾ ਬਾਟਾ ਤਿਆਰ ਹੋਵੇਗਾ |