ਲੁਧਿਆਣਾ, 6 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ 'ਤੇ ਲਕਸ਼ਮੀ ਨਰਾਇਣ ਮੰਦਰ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਕਰ ਲਈ ਗਈ | ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਰਾਜਕੁਮਾਰ ਨੇ ਦੱਸਿਆ ਕਿ ਮੰਦਰ ਦੀ ਇਮਾਰਤੀ ਉਸਾਰੀ ਕਾਰਨ ਗੋਲਕ ਵਿਚ ਪਿਛਲੇ ਤਿੰਨ ਸਾਲਾਂ ਤੋਂ ਲੋਕਾਂ ਵਲੋਂ ਦਾਨ ਦਿੱਤਾ ਜਾ ਰਿਹਾ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਇਹ ਗੋਲਕ ਨਹੀਂ ਖੋਲੀ ਗਈ ਸੀ | ਚੋਰ ਮੰਦਿਰ ਦੇ ਤਾਲੇ ਤੋੜ ਕੇ ਦਾਖਲ ਹੋਏ ਅਤੇ ਉੱਥੇ ਪਈ ਇਸ ਗੋਲਕ ਨੂੰ ਤੋੜ ਕੇ ਲੱਖਾਂ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਊਾਟਰ ਦੇ ਦਰਾਜ਼ ਵਿਚ ਵੀ 10 ਹਜ਼ਾਰ ਦੀ ਨਗਦੀ ਪਈ ਸੀ, ਚੋਰਾਂ ਵਲੋਂ ਉਹ ਵੀ ਚੋਰੀ ਕਰ ਲਈ ਗਈ | ਘਟਨਾ ਦਾ ਪਤਾ ਸਵੇਰੇ 6:30 ਵਜੇ ਲੱਗਾ, ਜਦੋਂ ਕਿ ਉਹ ਮੰਦਿਰ ਆਏ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਚੋਰਾਂ ਦਾ ਸੁਰਾਗ ਨਹੀਂ ਲੱਗਾ ਸੀ | ਪੁਲਿਸ ਵਲੋਂ ਚੋਰਾਂ ਦੇ ਸੁਰਾਗ ਲਈ ਸੜਕ 'ਤੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ਼ ਵੀ ਚੈੱਕ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਹੈ |