ਲੁਧਿਆਣਾ, 3 ਫਰਵਰੀ (ਡਾ. ਤਰਲੋਚਨ ਸਿੰਘ)-ਪ੍ਰਸਿੱਧ ਨਿਊਰੋ ਸਰਜਨ ਅਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਡਾ. ਅਸ਼ਵਨੀ ਕੁਮਾਰ ਚੌਧਰੀ ਅਤੇ ਡਾ. ਸ਼ੇਵੇਂਦਰ ਸੋਬਤੀ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਦਿਮਾਗ਼ ਅਤੇ ਰੀੜ੍ਹ ਨਾਲ ਜੁੜੀਆਂ ਬਿਮਾਰੀਆਂ ਦੇ ਵਧਦੇ ਮਾਮਲਿਆਂ ਤੇ ਆਧੁਨਿਕ ਮੈਡੀਕਲ ਤਕਨੀਕਾਂ ਨਾਲ ਇਲਾਜ ਵਿਚ ਆ ਰਹੇ ਬਦਲਾਅ ਬਾਰੇ ਵਿਚਾਰ ਸਾਂਝੇ ਕੀਤੇ | ਉਕਤ ਮਾਹਿਰਾਂ ਨੇ ਲੱਛਣਾਂ ਦੀ ਸ਼ੁਰੂਆਤੀ ਪਛਾਣ, ਨਵੇਂ ਇਲਾਜ ਵਿਕਲਪ ਅਤੇ ਰਵਾਇਤੀ ਖੁੱਲ੍ਹੀ ਸਰਜਰੀ ਤੋਂ ਘੱਟ ਕੱਟ ਵਾਲੀਆਂ ਤਕਨੀਕਾਂ ਵੱਲ ਹੋ ਰਹੇ ਬਦਲਾਅ 'ਤੇ ਖ਼ਾਸ ਧਿਆਨ ਦਿੱਤਾ | ਇਸ ਮੌਕੇ ਮਾਹਿਰਾਂ ਨੇ ਦਿਮਾਗ ਅਤੇ ਰੀੜ੍ਹ ਨਾਲ ਜੁੜੀਆਂ ਬਿਮਾਰੀਆਂ ਦੇ ਸ਼ੁਰੂਆਤੀ ਚੇਤਾਵਨੀ ਲੱਛਣਾਂ, ਜਿਵੇਂ ਲਗਾਤਾਰ ਪਿੱਠ ਦਰਦ, ਕਮਜ਼ੋਰੀ, ਸੁੰਨਾਪਨ, ਸੰਤੁਲਨ ਵਿਚ ਗੜਬੜ, ਲੰਮੇ ਸਮੇਂ ਤੋਂ ਸਿਰਦਰਦ ਅਤੇ ਬੋਲਣ ਜਾਂ ਵੇਖਣ ਵਿਚ ਤਬਦੀਲੀ ਨੂੰ ਪਛਾਨਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਅਧੁਨਿਕ ਇਮੇਜਿੰਗ ਅਤੇ ਨੇਵੀਗੇਸ਼ਨ ਤਕਨੀਕਾਂ ਨਾਲ ਸਰਜਰੀ ਹੋਰ ਸੁਰੱਖਿਅਤ ਤੇ ਸਹੀ ਬਣ ਗਈ ਹੈ | ਦਿਮਾਗ ਦੀ ਸਰਜਰੀ ਵਿਚ ਹੋਈ ਨਵੀਂ ਤਰੱਕੀ ਬਾਰੇ ਮਾਹਿਰਾਂ ਨੇ ਦੱਸਿਆ ਕਿ ਨੇਵੀਗੇਸ਼ਨ-ਗਾਈਡਡ ਤੇ ਐਂਡੋਸਕੋਪਿਕ ਤਕਨੀਕਾਂ ਨਾਲ ਸਰਜਨ ਦਿਮਾਗ ਦੇ ਮਹੱਤਵਪੂਰਨ ਹਿੱਸਿਆਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਹੋਰ ਸਹੀ ਅਪ੍ਰੇਸ਼ਨ ਕਰ ਸਕਦੇ ਹਨ, ਜਿਸ ਨਾਲ ਮਰੀਜ਼ਾਂ ਦੀ ਰਿਕਵਰੀ ਤੇਜ਼ ਅਤੇ ਨਤੀਜੇ ਜ਼ਿਆਦਾ ਬਿਹਤਰ ਹੁੰਦੇ ਹਨ | ਉਨ੍ਹਾਂ ਕਿਹਾ ਕਿ ਮਰੀਜ਼ਾਂ ਲਈ ਸਹੀ ਜਾਣਕਾਰੀ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ |