ਲੁਧਿਆਣਾ, 6 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਪੰਜ ਸਾਲ ਪਹਿਲਾਂ ਸ਼ਹਿਰ ਵਿਚ ਵੱਖ ਵੱਖ ਥਾਵਾਂ 'ਤੇ ਸਥਿਤ 119 ਏ.ਟੀ.ਐਮਜ਼ ਮਸ਼ੀਨਾਂ ਵਿਚੋਂ ਕਰੋੜਾਂ ਰੁਪਏ ਦੀ ਹੋਈ ਹੇਰਾਫੇਰੀ ਦੇ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵਲੋਂ ਇਹ ਕਾਰਵਾਈ ਅਦਾਲਤੀ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ | ਲੁਧਿਆਣਾ ਪੁਲਿਸ ਨੇ ਸਾਲ 2021 ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਦੀ ਖਜ਼ਾਨਾ ਸ਼ਾਖਾ ਦੇ ਮੈਨੇਜਰ ਅਤੇ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਅਵਿਨਾਸ਼ ਕੁਮਾਰ ਵਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਇਹ ਘੁਟਾਲਾ 2021 ਦੌਰਾਨ ਸਾਹਮਣੇ ਆਇਆ, ਜਿਸ ਦੌਰਾਨ 119 ਏ.ਟੀ.ਐਮ. ਨੂੰ ਇਹਨਾਂ ਦੋਸ਼ੀਆਂ ਵਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਬੈਂਕਾਂ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਕੀਤਾ | ਹਾਲਾਂਕਿ ਉਸ ਵਕਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ | ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਕਾਰਨ ਸ਼ਿਕਾਇਤਕਰਤਾ ਵਲੋਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ | ਅਦਾਲਤੀ ਹੁਕਮਾਂ ਤੋਂ ਬਾਅਦ ਪੁਲਿਸ ਵਲੋਂ ਹੁਣ ਇਹ ਕਾਰਵਾਈ ਕੀਤੀ ਜਾ ਰਹੀ ਹੈ | ਬੈਂਕ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਵਿਚ ਇਕ ਵੱਡੇ ਅੰਤਰਰਾਜੀ ਗਰੋਹ ਦੀ ਸ਼ਮੂਲੀਅਤ ਹੈ, ਜੋ ਏ.ਟੀ.ਐਮ. ਸਾਫਟਵੇਅਰ ਜਾਂ ਹਾਰਡਵੇਅਰ ਵਿਚ ਤਕਨੀਕੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਗੈਰ-ਕਾਨੂੰਨੀ ਢੰਗ ਨਾਲ ਨਗਦੀ ਕਢਵਾਉਣ ਵਿਚ ਮਾਹਿਰ ਹੈ | ਅਦਾਲਤ ਦੇ ਹੁਕਮ ਨਾਲ ਪੁਲਿਸ ਹੁਣ ਅਣਪਛਾਤੇ ਸ਼ੱਕੀਆਂ ਦਾ ਪਰਦਾਫਾਸ਼ ਕਰਨ ਲਈ ਪੁਰਾਣੇ ਰਿਕਾਰਡਾਂ ਅਤੇ ਸੀ.ਸੀ. ਟੀਵੀ ਫੁਟੇਜ਼ ਦੀ ਜਾਂਚ ਕਰ ਰਹੀ ਹੈ | ਇਕੋ ਸਮੇਂ 119 ਮਸ਼ੀਨਾਂ ਨੂੰ ਨਿਸ਼ਾਨਾ ਬਣਾਉਣਾ ਸੁਰੱਖਿਆ ਪ੍ਰੋਟੋਕੋਲ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਪੁਲਿਸ ਮੁਲਜ਼ਮਾਂ ਨੂੰ ਲੱਭਣ ਅਤੇ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ |