ਲੁਧਿਆਣਾ, 6 ਮਾਰਚ (ਜਤਿੰਦਰ ਭੰਬੀ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਸੂਬਾ ਭਰ ਵਿਚ ਦਿੱਤੀ ਗਈ ਕਾਲ ਨੂੰ ਲੈ ਕੇ ਜਿੱਥੇ ਪੰਜਾਬ ਭਰ ਵਿਚ ਸੂਬਾ ਸਰਕਾਰ ਦੇ ਪੁਤਲੇ ਫੂਕੇ ਗਏ, ਉਥੇ ਹੀ ਜ਼ਿਲ੍ਹਾ ਕਚਹਿਰੀ ਦਫ਼ਤਰ ਦੇ ਬਾਹਰ ਸੂਬਾ ਵਧੀਕ ਜਰਨਲ ਸਕੱਤਰ ਅਮਿਤ ਅਰੋੜਾ, ਜ਼ਿਲ੍ਹਾ ਪ੍ਰਧਾਨ ਸੰਦੀਪ ਭੁਬੰਕ ਅਤੇ ਗੁਰਚਰਨ ਸਿੰਘ ਜਨਰਲ ਸਕੱਤਰ ਦੀ ਅਗਵਾਈ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਮੁਲਾਜ਼ਮ ਵਿਰੋਧੀ ਨੋਟੀਫ਼ਿਕੇਸ਼ਨ ਵਿਚ ਸ਼ਾਮਿਲ ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਲਾਗੂ ਕੀਤੀ ਗਈ ਨਿਊ ਪੈਨਸ਼ਨ ਸਕੀਮ ਦੀ ਨੋਟੀਫ਼ਿਕੇਸ਼ਨ, ਮਿਤੀ 15-01-2015 ਦੀ ਨੋਟੀਫ਼ਿਕੇਸ਼ਨ, ਜਿਸ ਵਿਚ ਨਵੀਂ ਭਰਤੀ ਮੁਲਾਜ਼ਮਾਂ 'ਤੇ ਪਹਿਲੇ ਤਿੰਨ ਸਾਲ ਲਈ ਮੁੱਢਲੀ ਤਨਖ਼ਾਹ ਦਿੱਤੇ ਜਾਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਇਸ ਤੋਂ ਇਲਾਵਾ ਮਿਤੀ 17-07-2020 ਤੋਂ ਪੰਜਾਬ ਵਿਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ 'ਤੇ ਕੇਂਦਰ ਸਰਕਾਰ ਦੇ ਸੱਤਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ ਅਤੇ ਮੌਜੂਦਾ ਭਗਵੰਤ ਮਾਨ ਸਰਕਾਰ ਵਲੋਂ ਸਾਲ 2022 ਦੇ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਅਧੂਰੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ, ਜਿਸ ਦਾ ਕੋਈ ਐਸ.ਓ.ਪੀ. ਜਾਰੀ ਨਹੀਂ ਹੋਇਆ | ਇਹਨਾਂ ਮੁਲਾਜ਼ਮ ਵਿਰੋਧੀ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ ਹਨ | ਇਸ ਮੌਕੇ ਅਮਰਜੀਤ ਸਿੰਘ ਵਿੱਤ ਸਕੱਤਰ ਅਤੇ ਰਾਕੇਸ਼ ਕੁਮਾਰ ਪ੍ਰੈਸ ਸਕੱਤਰ ਨੇ ਦੱਸਿਆ ਕਿ 8 ਮਾਰਚ, 2026 ਨੂੰ ਮੋਹਾਲੀ ਵਿਖੇ ਕੀਤੀ ਜਾਣ ਵਾਲੀ ਮਹਾ ਰੈਲੀ ਤੋਂ ਬਾਅਦ ਵਿਧਾਨ ਸਭਾ ਵੱਲ ਕੂਚ ਕੀਤਾ ਜਾਣਾ ਹੈ | ਉਹ ਇਕ ਇਤਿਹਾਸਿਕ ਮੁਲਾਜ਼ਮ ਇਕੱਠ ਹੋਵੇਗਾ, ਜਿਸ ਵਿਚ ਪੰਜਾਬ ਦੀਆਂ ਤਿੰਨ ਵੱਡੀਆਂ ਧਿਰਾਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ, ਸੀ.ਪੀ.ਐਫ. ਕਰਮਚਾਰੀ ਯੂਨੀਅਨ ਅਤੇ ਪੈਨਸ਼ਨਰ ਸਾਂਝਾ ਫਰੰਟ ਵਿਚ ਸ਼ਾਮਿਲ ਫੈਡਰੇਸ਼ਨਾਂ ਅਤੇ ਪੈਨਸ਼ਨਰ ਜਥੇਬੰਦੀਆਂ ਅਤੇ ਹੋਰ ਕਈ ਜਥੇਬੰਦੀਆਂ ਨੇ ਆਪਣੇ ਸੰਪੂਰਨ ਸਾਥੀਆਂ ਸਮੇਤ ਇਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੋਇਆ ਹੈ | ਇਸ ਮੌਕੇ 'ਤੇ ਵੱਖ ਵੱਖ ਵਿਭਾਗਾਂ ਦੇ ਆਗੂ ਅਸ਼ਵਨੀ ਕੁਮਾਰ, ਜਗਦੇਵ ਸਿੰਘ, ਧਰਮਪਾਲ ਪਾਲੀ, ਹਰਮਿੰਦਰ ਸਿੰਘ, ਦਵਿੰਦਰ ਸਿੰਘ, ਜਗਮੀਤ ਸਿੰਘ, ਗੁਰੂ ਪ੍ਰਤਾਪ ਸਿੰਘ, ਰਾਜਵੰਤ ਕੌਰ, ਵਿਮਲਜੀਤ ਕੌਰ, ਨਿਸ਼ਾਂਤ ਨਰੂਲਾ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਤੋਂ ਗੁਰਚਰਨ ਸਿੰਘ ਦੁੱਗਾ, ਸੁਸ਼ੀਲ ਕੁਮਾਰ, ਕੁਲਦੀਪ ਸਿੰਘ ਅਤੇ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ |