ਲੁਧਿਆਣਾ, 7 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੈਕਟਰ 32 ਨੇੜੇ ਹੋਏ ਸੜਕ ਹਾਦਸੇ ਵਿਚ ਔਰਤ ਦੀ ਮੌਤ ਹੋ ਗਈ | ਮਿ੍ਤਕ ਔਰਤ ਦੀ ਸ਼ਨਾਖਤ ਸ਼ੀਲਾ ਸ਼ਾਹ ਪਤਨੀ ਬਿਲਸਨ ਸ਼ਾਹ ਵਜੋਂ ਕੀਤੀ ਗਈ ਹੈ | ਮਿ੍ਤਕ ਔਰਤ ਦੀ ਉਮਰ 60 ਸਾਲ ਦੇ ਕਰੀਬ ਸੀ | ਉਹ ਜੀਵਨ ਸਿੰਘ ਨਗਰ ਦੀ ਰਹਿਣ ਵਾਲੀ ਸੀ | ਸ਼ੀਲਾ ਆਪਣੇ ਪਤੀ ਨਾਲ ਘਰ ਦਾ ਰਾਸ਼ਨ ਲੈਣ ਲਈ ਜਾ ਰਹੀ ਸੀ, ਜਦੋਂ ਉਹ ਸੈਕਟਰ 32 ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਦੇ ਟਰੱਕ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ | ਸਿੱਟੇ ਵਜੋਂ ਦੋਵੇਂ ਪਤੀ ਪਤਨੀ ਉੱਥੇ ਹੀ ਡਿਗ ਪਏ | ਸ਼ੀਲਾ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ | ਅੱਖੀਂ ਦੇਖਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਟਰੱਕ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਚਾਲਕ ਟਰੱਕ 'ਤੇ ਕਾਬੂ ਨਹੀਂ ਪਾ ਸਕਿਆ ਅਤੇ ਉਹ ਮੋਟਰਸਾਈਕਲ 'ਤੇ ਜਾ ਰਹੇ ਪਤੀ ਪਤਨੀ ਦੇ ਵਿਚ ਜਾ ਵੱਜਾ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਉਥੋਂ ਭੱਜ ਪਿਆ, ਪਰ ਲੋਕਾਂ ਵਲੋਂ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ |