ਹੰਬੜਾਂ, 9 ਮਾਰਚ (ਮੇਜਰ ਹੰਬੜਾਂ)-ਖਹਿਰਾ ਬੇਟ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਲਾਗੇ ਰੇਤ ਮਾਫੀਏ ਵਲੋਂ ਜ਼ਬਰੀ ਮਾਈਨਿੰਗ ਕੀਤੇ ਜਾਣ ਦੇ ਚੱਲ ਰਹੇ ਰੇੜਕੇ ਦਰਮਿਆਨ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ 'ਤੇ ਲੁਧਿਆਣਾ ਵੈੱਸਟ ਦੇ ਐੱਸ.ਡੀ.ਐੱਮ ਸ੍ਰੀ ਕੁਲਦੀਪ ਬਾਵਾ ਅਤੇ ਲੁਧਿਆਣਾ ਦੇ ਏ.ਡੀ.ਸੀ.ਪੀ ਸ੍ਰੀ ਸਮੀਰ ਵਰਮਾ ਨੇ ਧਰਨਾਕਾਰੀਆਂ ਨਾਲ ਚੰਗੇ ਮਾਹੌਲ 'ਚ ਗੱਲਬਾਤ ਕੀਤੀ ਅਤੇ ਜਲਦੀ ਹੀ ਉਕਤ ਮਸਲੇ ਦਾ ਹੱਲ ਕੱਢੇ ਜਾਣ ਦਾ ਵਿਸ਼ਵਾਸ ਵਧਾਇਆ | ਉਨ੍ਹਾ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਵੀ ਕੀਤਾ ਤੇ ਧਰਨੇ ਤੇ ਬੈਠੇ ਲੋਕਾਂ ਨਾਲ ਵੀ ਗੱਲਬਾਤ ਕੀਤੀ | ਧਰਨੇ 'ਚ ਬੈਠੇ ਲੋਕਾਂ ਨੇ ਅਧਿਕਾਰੀਆਂ ਨੂੰ ਜਿੱਥੇ ਨਾਜ਼ੁਕ ਬੰਨ੍ਹ ਦੇ ਹਲਾਤਾਂ ਬਾਰੇ ਜਾਣੂ ਕਰਵਾਇਆ, ਉੱਥੇ ਨਾਜਾਇਜ਼ ਹੋਣ ਵਾਲੀ ਮਾਈਨਿੰਗ ਨੂੰ ਪੱਕੇ ਤੌਰ 'ਤੇ ਰੱਦ ਕੀਤੇ ਜਾਣ ਦੀ ਮੰਗ ਕੀਤੀ | ਇੱਥੇ ਮੌਜੂਦ ਰਹੇ ਮਾਈਨਿੰਗ ਵਿਭਾਗ ਦੇ ਐਕਸੀਅਨ ਜਸਵੀਰ ਸਿੰਘ ਅਤੇ ਐੱਸ.ਡੀ.ਓ. ਵਿਰਕ ਨੇ ਵੀ ਲੋਕਪੱਖੀ ਗੱਲਬਾਤ 'ਚ ਹਾਮੀ ਭਰੀ ਤੇ ਜਲਦੀ ਹੀ ਇਸ ਦਾ ਪੱਕੇ ਤੌਰ 'ਤੇ ਹੱਲ ਹੋਣ ਦੀ ਸੰਭਾਵਨਾ ਜਤਾਈ | ਪੱਕੇ ਧਰਨੇ ਦੀ ਅਗਵਾਈ ਕਰ ਰਹੇ ਬੀ.ਕੇ.ਯੂ ਖੋਸਾ ਜਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਡੀ.ਜੀ.ਪੀ ਪੰਜਾਬ ਨੂੰ ਉਕਤ ਨਾਜਾਇਜ਼ ਮਾਈਨਿੰਗ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ ਤੇ ਅਸੀਂ ਦਿਨ-ਰਾਤ ਦੇ ਚੱਲ ਰਹੇ ਪੱਕੇ ਧਰਨੇ ਰਾਹੀਂ ਉਕਤ ਮਸਲੇ ਨੂੰ ਹੱਲ ਕੀਤੇ ਜਾਣ ਪਾਸੇ ਵੱਧ ਰਹੇ ਹਾਂ ਤੇ ਅਧਿਕਾਰੀਆਂ ਨੂੰ ਇਕ ਵਾਰ ਫਿਰ ਅਪੀਲ ਕਰਦੇ ਹਾਂ ਕਿ ਉਕਤ ਮਸਲੇ ਦਾ ਹੱਲ ਜਲਦੀ ਕੱਢਿਆ ਜਾਵੇ | ਐਡਵੋਕੇਟ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ, ਜਤਿੰਦਰਪਾਲ ਸਿੰਘ ਰਾਣਾ, ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ, ਰਣਵੀਰ ਸਿੰਘ ਸਿੱਧੂ ਖਹਿਰਾ ਬੇਟ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ, ਮੀਤ ਪ੍ਰਧਾਨ ਧਿਆਨ ਸਿੰਘ ਗੌਂਸਪੁਰ, ਐਡਵੋਕੇਟ ਗੁਰਦੇਵ ਸਿੰਘ ਨੂਰਪੁਰ ਬੇਟ ਨੇ ਐੱਸ.ਡੀ.ਐੱਮ ਸਮੇਤ ਹੋਰ ਮਾਈਨਿੰਗ ਅਧਿਕਾਰੀਆਂ ਨੂੰ ਇਥੋਂ ਤੁਰੰਤ ਮਸ਼ੀਨਰੀ ਹਟਾਕੇ ਉਕਤ ਮਾਈਨਿੰਗ ਦੇ ਕੰਮ ਨੂੰ ਪੱਕੇ ਤੌਰ 'ਤੇ ਬੰਦ ਕੀਤੇ ਜਾਣ ਦੀ ਮੰਗ ਕੀਤੀ | ਇਸ ਮੌਕੇ ਤੇ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਗੋਰਸੀਆਂ ਹਾਕਮ ਰਾਏ, ਪ੍ਰਧਾਨ ਚਰਨਜੀਤ ਸਿੰਘ ਬਾਸੀ, ਕਿਸਾਨ ਆਗੂ ਦਰਸ਼ਨ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਜਸਵਿੰਦਰ ਸਿੰਘ ਕਾਲਾ, ਜੁਗਰਾਜ ਸਿੰਘ, ਡਾ. ਪੂਰਨ ਸਿੰਘ, ਬਲਜੀਤ ਸਿੰਘ ਗਿੱਲ, ਕਰਨੈਲ ਸਿੰਘ ਵਿਰਕ, ਜਸਪਾਲ ਸਿੰਘ ਧਾਲੀਵਾਲ, ਅਮਰਜੀਤ ਸਿੰਘ, ਅਰਵਿੰਦਰਪਾਲ ਸਿੰਘ, ਕਸ਼ਮੀਰ ਸਿੰਘ ਸਮੇਤ ਹੋਰ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ |