ਲੁਧਿਆਣਾ, 10 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਆਨੰਦ ਕਾਲੋਨੀ ਵਿਚ ਪ੍ਰੇਮੀ ਦੀ ਬੇਵਫਾਈ ਤੋਂ ਦੁਖੀ ਹੋਈ ਲੜਕੀ ਨੇ ਖੁਦਕੁਸ਼ੀ ਕਰ ਲਈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਕਰਿਸਨ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਮਿ੍ਤਕ ਲੜਕੀ ਅੰਨਨਿਆ ਦੇ ਗੁਆਂਢੀ ਰਾਜੂ ਉਰਫ ਬਾਦਸ਼ਾਹ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਨ੍ਹਾਂ ਨੇ ਦੱਸਿਆ ਕਿ ਅੰਨਨਿਆ ਦਾ ਪਿਤਾ ਮੁਹੰਮਦ ਇਰਫਾਨ ਇਕ ਫ਼ੈਕਟਰੀ ਵਿਚ ਕੰਮ ਕਰਦਾ ਹੈ ਅਤੇ ਕਥਿਤ ਦੋਸ਼ੀ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਸੀ | ਪਿਛਲੇ ਤਿੰਨ ਸਾਲ ਤੋਂ ਕਥਿਤ ਦੋਸ਼ੀ ਦੇ ਲੜਕੀ ਨਾਲ ਕਥਿਤ ਤੌਰ 'ਤੇ ਪ੍ਰੇਮ ਸਬੰਧ ਚਲੇ ਆ ਰਹੇ ਸਨ ਅਤੇ ਕਥਿਤ ਦੋਸ਼ੀ ਵਲੋਂ ਲੜਕੀ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ | ਐਸ.ਐਚ.ਓ. ਨੇ ਦੱਸਿਆ ਕਿ ਹੁਣ ਕਥਿਤ ਦੋਸ਼ੀ ਲੜਕੀ ਨਾਲ ਵਿਆਹ ਕਰਾਉਣ ਤੋਂ ਮੁੱਕਰ ਗਿਆ ਸੀ, ਜਿਸ ਕਾਰਨ ਲੜਕੀ ਪਰੇਸ਼ਾਨ ਸੀ | ਉਸ ਨੇ ਆਪਣੇ ਘਰ ਵਿਚ ਹੀ ਫਾਹਾ ਲਗਾ ਲਿਆ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਥਿਤ ਦੋਸ਼ੀ ਰਾਜੂ ਉਰਫ ਬਾਦਸ਼ਾਹ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਮਿ੍ਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਦੋਸ਼ੀ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |