ਲੁਧਿਆਣਾ, 10 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ਿੰਗਾਰ ਸਿਨੇਮਾ ਰੋਡ 'ਤੇ ਬੀਤੀ ਦੇਰ ਰਾਤ ਇਕ ਵਪਾਰੀ ਨੂੰ ਜ਼ਖਮੀ ਕਰਨ ਉਪਰੰਤ ਲੁਟੇਰੇ ਉਸ ਦੀ ਸੋਨੇ ਦੀ ਮੁੰਦਰੀ ਅਤੇ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਉਸ ਵਕਤ ਵਾਪਰੀ, ਜਦੋਂ ਨਿਊ ਸ਼ਿਵਾ ਜੀ ਨਗਰ ਨੇੜੇ ਰਹਿਣ ਵਾਲੇ ਵਪਾਰੀ ਰਿੰਕੂ ਮਲਹੋਤਰਾ ਘਰ ਦੇ ਨੇੜੇ ਹੀ ਦੁੱਧ ਲੈਣ ਲਈ ਜਾ ਰਿਹਾ ਸੀ, ਜਦੋਂ ਉਹ ਸੜਕ 'ਤੇ ਪਹੁੰਚਿਆ ਤਾਂ ਸਕੂਟਰ 'ਤੇ ਸਵਾਰ ਇਹਨਾਂ ਹਥਿਆਰਬੰਦ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਨਗਦੀ ਦੀ ਮੰਗ ਕੀਤੀ, ਜਦੋਂ ਉਸ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਇਹਨਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਹਥਿਆਰ ਕੱਢ ਲਏ ਅਤੇ ਵਪਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਪਾਸੋਂ ਸੋਨੇ ਦੀ ਮੁੰਦਰੀ ਅਤੇ 4000 ਦੀ ਨਗਦੀ ਲੁੱਟ ਲਈ ਤੇ ਫ਼ਰਾਰ ਹੋ ਗਏ, ਜਦੋਂ ਵਪਾਰੀ ਆਪਣੇ ਸਾਥੀਆਂ ਨਾਲ ਪੁਲਿਸ ਚੌਂਕੀ ਰਿਪੋਰਟ ਦਰਜ ਕਰਵਾਉਣ ਲਈ ਗਿਆ ਤਾਂ ਉੱਥੇ ਸਿਰਫ਼ ਇਕ ਹੀ ਮੁਲਾਜ਼ਮ ਮੌਜੂਦ ਸੀ ਅਤੇ ਲੋਕਾਂ ਦਾ ਰੋਸ ਹੈ ਕਿ ਰਿਪੋਰਟ ਦਰਜ ਕਰਨ ਲੱਗਿਆਂ ਵੀ ਪੁਲਿਸ ਮੁਲਾਜ਼ਮ ਵਲੋਂ ਆਨਾ ਕਾਨੀ ਕੀਤੀ ਜਾਣ ਲੱਗੀ, ਜਿਸ 'ਤੇ ਇਲਾਕੇ ਦੇ ਹੋਰ ਲੋਕ ਇਕੱਠੇ ਹੋ ਗਏ | ਸਥਿਤੀ ਵਿਗੜਦੀ ਦੇਖ ਕੇ ਸੰਬੰਧਿਤ ਪੁਲਿਸ ਮੁਲਾਜ਼ਮ ਨੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ | ਸੂਚਨਾ ਮਿਲਦਿਆਂ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਇਸ ਮਾਮਲੇ ਵਿਚ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ, ਜਿਸ 'ਤੇ ਲੋਕ ਸ਼ਾਂਤ ਹੋਏ | ਲੋਕਾਂ ਦਾ ਕਹਿਣਾ ਸੀ ਕਿ ਇਲਾਕੇ ਵਿਚ ਪੁਲਿਸ ਦੀ ਗਸ਼ਤ ਨਾ-ਮਾਤਰ ਹੈ, ਜਿਸ ਕਾਰਨ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ |