ਲੁਧਿਆਣਾ, 11 ਮਾਰਚ (ਆਹੂਜਾ)- ਪੁਲਿਸ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਕਾਰਤੂਸ ਅਤੇ ਇਕ ਥਾਰ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਸਿਮਰਨ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਸੀੜਾ, ਥਾਣਾ ਮੇਹਰਬਾਨ ਵਜੋਂ ਕੀਤੀ ਗਈ ਹੈ, ਉਸ ਖਿਲਾਫ ਧਾਰਾ 25, 54, 59 ਆਰਮਜ਼ ਐਕਟ ਥਾਣਾ ਪੀ.ਏ.ਯੂ ਵਿਖੇ ਦਰਜ ਕੀਤਾ | ਉਨ੍ਹਾਂ ਦੱਸਿਆ ਕਿ ਸੱਗੂ ਚੌਕ ਤੋਂ ਰਾਜਪੁਰਾ ਚੌਕ ਵੱਲ ਜਾਂਦੀ ਸੜਕ ਉੱਤੇ ਪੀ.ਏ.ਯੂ ਦੀ ਕੰਧ ਨਾਲ ਖੜੀ ਮਹਿੰਦਰਾ ਥਾਰ ਤੋਂ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਗਿਆ | ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿਚੋਂ ਇਕ ਪਿਸਤੌਲ ਸਮੇਤ ਮੈਗਜ਼ੀਨ ਅਤੇ 2 ਰੌਂਦ ਜਿੰਦਾ 9 ਐਮਐਮ ਬਰਾਮਦ ਕੀਤੇ ਗਏ | ਦੋਸ਼ੀ ਨੂੰ ਮੁਕੱਦਮਾ ਵਿਚ ਗਿ੍ਫਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |