ਲੁਧਿਆਣਾ, 11 ਮਾਰਚ (ਜਸਵਿੰਦਰ ਸਿੰਘ)-1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਸੱਦੇ ਉੱਤੇ ਐਸ ਸੀ ਡੀ ਕਾਲਜ ਦੇ ਗੇਟ ਅੱਗੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਅਤੇ ਲੁਧਿਆਣਾ ਜੋਨ ਦੇ 6 ਸਰਕਾਰੀ ਕਾਲਜਾਂ ਦੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ | ਪ੍ਰੋ. ਜਸਪ੍ਰੀਤ ਸਿਵੀਆ ਨੇ ਕਿਹਾ ਕਿ ਬੀਤੇ ਸ਼ਨੀਵਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਗ਼ਲਤ ਵਿਆਖਿਆ ਕਰਦਿਆਂ 1158 ਪੋਸਟਾਂ ਉੱਤੇ ਨਵੀਂ ਭਰਤੀ ਕਰਨ ਦਾ ਬਿਆਨ ਦਿੱਤਾ ਹੈ, ਜਦਕਿ ਪਾਰਦਰਸ਼ੀ ਤਰੀਕੇ ਨਾਲ ਭਰਤੀ ਹੋਏ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਸਥਾਈ ਰੁਜ਼ਗਾਰ ਦੀ ਸੁਰੱਖਿਆ ਲਈ ਸਰਕਾਰ ਨੇ ਨਾ ਤਾਂ ਰੀਵਿਊ ਪਟੀਸ਼ਨ ਸੁਹਿਰਦਤਾ ਨਾਲ ਦਾਇਰ ਕੀਤੀ ਅਤੇ ਨਾ ਹੀ ਕੋਈ ਚਾਰਾਜੋਈ ਆਰੰਭੀ ਹੈ | 1158 ਭਰਤੀ ਨੂੰ ਬਚਾਉਣ ਲਈ ਕੋਈ ਯਤਨ ਨਾ ਕਰਨਾ ਸਰਕਾਰ ਦੀ ਬਦਨੀਤ ਨੂੰ ਦਰਸਾਉਂਦਾ ਹੈ | ਪ੍ਰੋ. ਅਸ਼ਮਨੀ ਨੇ ਕਿਹਾ ਕਿ ਵਿਭਾਗ ਵੱਲੋਂ ਸੰਕੇਤਕ ਰੂਪ ਵਿਚ 17 ਫਰਵਰੀ 2026 ਤੱਕ ਸੀਮਤ ਕਰਨ, ਪ੍ਰਸੂਤਾ ਛੁੱਟੀਆਂ ਸਮੇਤ ਹੱਕੀ ਅਧਿਕਾਰਾਂ ਉੱਪਰ ਜ਼ਬਰੀ ਪਾਬੰਦੀ ਆਇਦ ਕਰਨ ਦੇ ਵਤੀਰੇ ਤੋਂ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਪਹਿਲਾ ਹੀ ਨਸ਼ਰ ਹੋ ਚੁੱਕਿਆ ਹੈ | ਪ੍ਰੋ. ਗੁਰਜੰਟ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ 1158 ਭਰਤੀ ਸਾਡੇ ਲਈ ਜਿਉਣ ਮਰਨ ਦਾ ਸਵਾਲ ਬਣ ਚੁੱਕੀ ਹੈ | 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਸਥਾਈ ਰੁਜ਼ਗਾਰ ਨੂੰ ਬਚਾਉਣ ਦੇ ਸਾਰਥਕ ਯਤਨ ਨਜ਼ਰ ਨਹੀਂ ਆਉਂਦੇ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਜੇਕਰ ਸਰਕਾਰ ਤੁਰੰਤ ਮੀਟਿੰਗ ਕਰ ਕੇ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਹੱਕਾਂ ਦੀ ਰਾਖੀ ਲਈ ਚਾਰਾਜੋਈ ਨਹੀਂ ਕਰਦੀ ਤਾਂ ਐਤਵਾਰ ਨੂੰ ਗੰਭੀਰਪੁਰ ਵਿਖੇ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |