ਲੁਧਿਆਣਾ, 4 ਅਪ੍ਰੈਲ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿਚ ਹਰ ਮਹੀਨੇ ਕਰਵਾਈ ਜਾਂਦੀ ਕਿਸਾਨ ਕਲੱਬ ਦੀ ਮੀਟਿੰਗ ਇਸ ਵਾਰ ਵਿਸ਼ੇਸ਼ ਤੌਰ 'ਤੇ ਕਿਸਾਨਾਂ ਦੀ ਭਰਵੀਂ ਹਾਜ਼ਰੀ ਦੀ ਗਵਾਹ ਬਣੀ | 95 ਕਿਸਾਨ ਮੈਂਬਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਲੈ ਕੇ ਵੱਖ-ਵੱਖ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਨਾਲ ਆਪਣੀ ਕਾਸ਼ਤਕਾਰੀ ਬਾਰੇ ਮਸ਼ਵਰੇ ਕੀਤੇ | ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤੇ ਤਾਜ਼ੇ ਖੇਤੀ ਸਾਹਿੱਤ ਦੇ ਹਵਾਲੇ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਸਾਹਿੱਤ ਨਾਲ ਜੁੜਨ ਅਤੇ ਸੋਸ਼ਲ ਮੀਡੀਆ ਮਾਧਿਅਮਾਂ ਉੱਪਰ ਵੀ ਪੀ.ਏ.ਯੂ. ਦੇ ਪ੍ਰੋਗਰਾਮ ਦੇਖਣ ਦੀ ਆਦਤ ਬਣਾਉਣ | ਖੇਤੀ ਮਾਹਿਰਾਂ ਵਜੋਂ ਇਸ ਵਾਰ ਡਾ. ਦਵਿੰਦਰ ਪਾਲ ਸਿੰਘ ਨੇ ਚਾਰੇ ਦੀ ਕਾਸ਼ਤ ਅਤੇ ਸਾਈਲੇਜ ਬਣਾਉਣ ਬਾਰੇ, ਡਾ. ਗੁਰਵੀਰ ਕੌਰ ਨੇ ਲਸਣ ਅਤੇ ਪਿਆਜ਼ ਦੀ ਸਾਂਭ-ਸੰਭਾਲ ਬਾਰੇ, ਡਾ. ਮਨਪ੍ਰੀਤ ਕੌਰ ਸੈਣੀ ਨੇ ਅਨਾਜ ਅਤੇ ਬੀਜ ਦੇ ਭੰਡਾਰਨ ਬਾਰੇ, ਡਾ. ਅਮਿਤ ਕੌਲ ਨੇ ਹਰੀ ਖਾਦ ਦੇ ਮਹੱਤਵ ਬਾਰੇ, ਡਾ. ਰਵਿੰਦਰ ਸਿੰਘ ਚੰਦੀ ਨੇ ਸਬਜ਼ੀਆਂ ਵਿਚ ਕੀੜਿਆਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਨੁਕਤੇ ਦੱਸੇ | ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਅੰਤ ਵਿਚ ਵਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ |