ਲੁਧਿਆਣਾ, 7 ਅਪ੍ਰੈਲ (ਜਸਵਿੰਦਰ ਸਿੰਘ)-ਪੀ.ਏ.ਯੂ. ਪੈਨਸ਼ਨਰ ਅਤੇ ਰਿਟਾਇਰਜ ਵੈੱਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਵਿਚ ਪੈਨਸ਼ਨਰ ਦੀਆਂ ਸਮੱਸਿਆਵਾਂ ਬਾਰੇ ਗੰਭੀਰ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਕਾਮਰੇਡ ਡੀ.ਪੀ. ਮੌੜ ਨੇ ਕਿਹਾ ਕਿ ਪੀ.ਏ.ਯੂ. ਦੇ ਪੈਨਸ਼ਨਰ ਵਿਚ ਪੰਜਾਬ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਭਾਰੀ ਰੋਸ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰ ਨੂੰ 01-01-2016 ਤੋਂ ਪੈਨਸ਼ਨ ਸੋਧ ਵਿਚ 2.59 ਦਾ ਫਾਰਮੂਲਾ, 16 ਫ਼ੀਸਦੀ ਡੀ.ਏ. ਬਕਾਇਆ ਨਹੀਂ ਦੇ ਰਹੀ | ਪੀ.ਏ.ਯੂ. ਨੂੰ ਮਿਲਣ ਵਾਲੀ ਗਰਾਂਟ ਘਟਾ ਦਿੱਤੀ ਗਈ ਹੈ | 01-01-2016 ਤੋਂ ਵਧੇ ਹੋਏ ਸਕੇਲਾਂ ਦਾ ਬਕਾਇਆ ਦੇਣ ਲਈ ਵੀ ਕੋਈ ਗਰਾਂਟ ਨਹੀਂ ਦੇ ਰਹੀ ਅਤੇ ਯੂਨੀਵਰਸਿਟੀ ਅਧਿਕਾਰੀਆਂ 'ਤੇ ਪੀ.ਏ.ਯੂ. ਦੇ ਫੰਡਾਂ ਵਿਚੋਂ ਹੀ ਬਕਾਇਆ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਪੀ.ਏ.ਯੂ. ਪੈਨਸ਼ਨਰ ਨੂੰ ਅਪ੍ਰੈਲ 2025 ਤੋਂ ਮਿਲਣ ਵਾਲਾ ਬਕਾਇਆ 12 ਮਹੀਨੇ ਬੀਤ ਜਾਣ 'ਤੇ ਵੀ ਹਾਲੇ ਤੱਕ ਨਹੀਂ ਮਿਲਿਆ | ਹਰ ਛਿਮਾਹੀ ਨੂੰ ਮਿਲਣ ਵਾਲਾ ਐਲ.ਟੀ.ਏ. ਵੀ ਹਰ ਵਾਰ ਚਾਰ-ਚਾਰ ਮਹੀਨੇ ਲੇਟ ਦਿੱਤਾ ਜਾਂਦਾ ਹੈ | ਪੈਨਸ਼ਨ ਹਰ ਮਹੀਨੇ ਇਕ ਹਫ਼ਤਾ ਲੇਟ ਦਿੱਤੀ ਜਾਂਦੀ ਹੈ | ਪੈਨਸ਼ਨਰ ਦੇ ਮੈਡੀਕਲ ਬਿੱਲ ਵੀ ਸਾਲਾਂ ਬੱਧੀ ਲੰਬਿਤ ਪਏ ਹਨ | ਉਪਰੋਕਤ ਮਸਲਿਆਂ ਨੂੰ ਲੈ ਕੇ ਪੀ.ਏ.ਯੂ. ਪੈਨਸ਼ਨਰ ਵਿਚ ਭਾਰੀ ਰੋਸ ਹੋਣ ਕਰਕੇ ਭਵਿੱਖ ਵਿਚ ਪੰਜਾਬ ਸਰਕਾਰ ਖ਼ਿਲਾਫ਼ ਕੋਈ ਵੀ ਸੰਘਰਸ਼ ਉਲੀਕਿਆ ਜਾ ਸਕਦਾ ਹੈ | ਜਨਰਲ ਬਾਡੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਗਿੱਲ, ਕਾਮਰੇਡ ਜੋਗਿੰਦਰ ਰਾਮ, ਜੇਸੀ ਬੁੱਧੀ ਰਾਜਾ, ਕੁਲਦੀਪ ਸਿੰਘ, ਰਾਮਨਾਥ, ਚਰਨ ਸਿੰਘ ਗੁਰਮ, ਨਿਤਿਆਨੰਦ, ਸਤਨਾਮ ਸਿੰਘ, ਪ੍ਰੀਤਮ ਸਿੰਘ ਆਦਿ ਸ਼ਾਮਿਲ ਸਨ | ਇਸ ਮੌਕੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ |