ਲੁਧਿਆਣਾ, 8 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਧਾਰਮਿਕ ਸਾਂਝ ਅਤੇ ਕੌਮੀ ਏਕਤਾ ਨੂੰ ਬਣਾਈ ਰੱਖਣ ਅਤੇ ਬੇਅਦਬੀ ਦੀਆਂ ਘਟਨਾਵਾਂ 'ਤੇ ਕੜੀ ਰੋਕ ਲਗਾਉਣ ਲਈ, ਪੰਜਾਬ ਸਰਕਾਰ ਵਲੋਂ ਤਿਆਰ ਕੀਤਾ ਜਾ ਰਿਹਾ ਨਵਾਂ ਕਾਨੂੰਨ, ਜੋ 13 ਅਪ੍ਰੈਲ 2026 ਨੂੰ ਵਿਧਾਨ ਸਭਾ ਵਿਚ ਪੇਸ਼ ਹੋਣ ਦੀ ਸੰਭਾਵਨਾ ਹੈ, ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ | ਇਹ ਵਿਚਾਰ ਪ੍ਰਗਟ ਕਰਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਸਥਾਪਕ ਪ੍ਰਧਾਨ ਅਤੇ ਸ. ਸਾਬਕਾ ਆਨਰੇਰੀ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਗੁਰਮੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਅਨੁਸਾਰ ਸਿੱਖਾਂ ਨੂੰ ''ਸ਼ਬਦ ਗੁਰੂ'' ਦੀ ਰਹਿਨੁਮਾਈ ਵਿਚ ਜੀਵਨ ਜੀਉਣਾ ਸਿਖਾਇਆ ਗਿਆ ਹੈ | 1708 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਹੁਕਮ ਦਿੱਤਾ ਸੀ: ''ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ |'' ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਇਕ ਧਾਰਮਿਕ ਗ੍ਰੰਥ ਨਹੀਂ, ਸਗੋਂ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ | ਉਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਛੇ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਪੰਦਰਾਂ ਭਗਤਾਂ ਅਤੇ ਗਿਆਰਾਂ ਭੱਟਾਂ ਤੋਂ ਗੁਰਸਿੱਖਾਂ ਦੀ ਬਾਣੀ ਵੀ ਸ਼ਾਮਲ ਹੈ, ਜੋ ਵੱਖ-ਵੱਖ ਧਰਮਾਂ, ਖੇਤਰਾਂ ਅਤੇ ਜਾਤਾਂ ਨਾਲ ਸੰਬੰਧਤ ਹਨ, ਜੋ ਮਨੁੱਖਤਾ ਦੀ ਏਕਤਾ ਦਾ ਸੰਦੇਸ਼ ਦਿੰਦੀ ਹੈ | ਇਸ ਦਾ ਜੀਵੰਤ ਗੁਰੂ ਹੋਣ ਦਾ ਦਰਜਾ ਸੁਪਰੀਮ ਕੋਰਟ ਵਲੋਂ ਵੀ ਸਵੀਕਾਰਿਆ ਗਿਆ ਹੈ ਅਤੇ ਵਰਲਡ ਪਾਰਲੀਮੈਂਟ ਆਫ ਰਿਲੀਜਨਜ਼ ਵਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ | ਇਸ ਲਈ ਇਸਦੀ ਤੁਲਨਾ ਕਿਸੇ ਹੋਰ ਧਾਰਮਿਕ ਗ੍ਰੰਥ ਨਾਲ ਨਹੀਂ ਕੀਤੀ ਜਾ ਸਕਦੀ | ਇਸ ਮੌਕੇ ਸ. ਬਲਜੀਤ ਸਿੰਘ, ਚੇਅਰਮੈਨ ਅਤੇ ਸ. ਹਰਜੀਤ ਸਿੰਘ, ਕੋਰ ਕਮੇਟੀ ਮੈਂਬਰ ਵੀ ਮੌਜੂਦ ਸਨ |