ਲੁਧਿਆਣਾ, 8 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜ਼ੋਨ ਬੀ ਸਥਿਤ ਪ੍ਰਸ਼ਾਸਨਿਕ ਸੇਵਾ ਕੇਂਦਰ ਦਾ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਵਲੋਂ ਅਚਾਨਕ ਨਿਰੀਖਣ ਕੀਤਾ ਗਿਆ | ਨਿਰੀਖਣ ਦੌਰਾਨ ਉਨਾਂ ਨੇ ਕੇਂਦਰ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਅਤੇ ਹੌਲੀ ਗਤੀ ਨਾਲ ਚੱਲ ਰਹੇ ਕੰਮਕਾਜ 'ਤੇ ਗੰਭੀਰ ਧਿਆਨ ਦਿੱਤਾ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਦੇਖਿਆ ਕਿ ਕਈ ਲੋਕ ਆਪਣੇ ਕੰਮ ਲਈ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ, ਜਿਸ ਨਾਲ ਉਨਾਂ ਨੰੂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਮੌਕੇ ਉਨਾਂ ਨੇ ਮੌਜੂਦ ਸੁਪਰਵਾਈਜ਼ਰ ਨੰੂ ਕੰਮ ਨੰੂ ਸੁਚੱਜੇ ਅਤੇ ਤੇਜ਼ ਤਰੀਕੇ ਨਾਲ ਨਿਭਾਉਣ ਦੇ ਸਖ਼ਤ ਹੁਕਮ ਦਿੱਤੇ, ਨਾਲ ਹੀ ਉਨਾਂ ਵਲੋਂ ਤੁਰੰਤ ਪ੍ਰਭਾਵ ਨਾਲ ਦੋ ਸੇਵਾਦਾਰ ਮੌਕੇ 'ਤੇ ਤੈਨਾਤ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਤਾਂ ਜੋ ਲੋਕਾਂ ਦੇ ਕੰਮ ਵਿਚ ਦੇਰੀ ਨਾਲ ਹੋਵੇ | ਨਿਰੀਖਣ ਦੌਰਾਨ ਮੇਅਰ ਨੇ ਮੌਕੇ 'ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਫੋਟੋ ਖਿਚਵਾਉਣ ਲਈ ਆਇਆ ਸੀ, ਪਰ ਕੇਂਦਰ ਵਿਚ ਫੋਟੋਗ੍ਰਾਫਰ ਮੌਜੂਦ ਨਹੀਂ ਸੀ | ਦੂਜੇ ਵਿਅਕਤੀ ਨੇ ਦੱਸਿਆ ਕਿ ਉਹ ਪਿਛਲੇ 2-3 ਦਿਨਾਂ ਤੋਂ ਆਪਣਾ ਕੰਮ ਕਰਵਾਉਣ ਲਈ ਆ ਰਿਹਾ ਹੈ, ਪਰ ਹਰ ਵਾਰ ਸਰਵਰ ਡਾਊਨ ਹੋਣ ਕਾਰਨ ਉਸ ਨੂੰ ਵਾਪਸ ਜਾਣਾ ਪੈਂਦਾ ਹੈ | ਇਸ 'ਤੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਤੁਰੰਤ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਨਾਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਲੋਕਾਂ ਨੰੂ ਭਰੋਸਾ ਦਿਵਾਇਆ ਕਿ ਉਨਾਂ ਦੀਆਂ ਪਰੇਸ਼ਾਨੀਆਂ ਨੰੂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ |