ਆਲਮਗੀਰ, 8 ਅਪ੍ਰੈਲ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਸਾਬਕਾ ਜੱਜ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ, ਜੋ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ, ਮੈਂ ਅੱਜ ਉਨ੍ਹਾਂ ਦੇ ਤਜਰਬੇ ਵਾਲੇ ਉਸ ਖਜ਼ਾਨੇ 'ਚੋਂ ਮੈਂ ਕੁਝ ਲੈਣ ਅਤੇ ਕੁਝ ਸਿੱਖਣ ਆਇਆ ਹਾਂ | ਇੰਚਾਰਜ ਹਰਪ੍ਰੀਤ ਸਿੰਘ ਸਿਮਕ ਹਲਕੇ ਅਧੀਨ ਆਉਂਦੇ ਸਥਾਨਕ ਪਿੰਡ ਜਸਪਾਲ ਬਾਂਗਰ ਸਥਿਤ ਸਾਬਕਾ ਸਰਪੰਚ ਸ਼ੁਭਇੰਦਰ ਸਿੰਘ ਡੈਵੀ ਦੇ ਗ੍ਰਹਿ ਵਿਖੇ ਪਾਰਟੀ ਮੀਟਿੰਗ ਮੌਕੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ | ਇਸ ਤੋਂ ਪਹਿਲਾਂ ਹਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਕਿਹਾ ਕਿ ਹਲਕਾ ਗਿੱਲ ਵਾਸੀਆਂ ਦੀ ਕਿਸਮਤ ਚੰਗੀ ਹੈ, ਜੋ ਉਨ੍ਹਾਂ ਨੂੰ ਪਾਰਟੀ ਨੇ ਪੜਿਆ ਲਿਖਿਆ ਸਾਬਕਾ ਜੱਜ ਦਿੱਤਾ ਹੈ, ਜੋ ਕਿ ਵਿਕਾਸ ਕਾਰਜ ਕਰਵਾਉਣ ਵਿਚ ਮੋਹਰੀ ਸਾਬਤ ਹੋਣਗੇ | ਜਥੇਦਾਰ ਆਲਮਗੀਰ ਨੇ ਕਿਹਾ ਕਿ ਸਾਬਕਾ ਜੱਜ ਸਿਮਕ ਦੇ ਆਉਣ ਨਾਲ ਪਾਰਟੀ ਵਰਕਰਾਂ ਦੇ ਮਨਾਂ ਅੰਦਰ ਜੋਸ਼ ਹੁਲਾਰੇ ਮਾਰਨ ਲੱਗ ਪਿਆ ਹੈ ਜੋ ਸਾਬਤ ਕਰਦਾ ਹੈ ਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੱਡੀ ਬਹੁਮਤ ਨਾਲ ਜੇਤੂ ਬਣੇਗਾ | ਉਪਰੰਤ ਇੰਚਾਰਜ ਸਿਮਕ ਨੇ ਕਿਹਾ ਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਹਨ, ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਬਣਨਾ ਬਹੁਤ ਜ਼ਰੂਰੀ ਹੈ | ਕਿਉਂਕਿ ਵੱਡੀਆਂ ਸਾਜਿਸ਼ਾਂ ਤਹਿਤ ਪੰਜਾਬ, ਪੰਜਾਬੀ, ਸਾਡੀ ਕੌਮ, ਸਾਡੇ ਧਰਮ ਨੂੰ ਖਤਮ ਕਰਨ ਲਈ ਬਾਹਰਲੇ ਅਤੇ ਅੰਦਰਲੇ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀਆਂ ਨੂੰ ਖਤਮ ਕਰਨ ਦੀ ਸਾਜਿਸ਼ ਤਹਿਤ ਕੇਂਦਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਗਈ ਹੁਣ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਨਜ਼ਰ ਲਗਾਈ ਬੈਠੇ ਹਨ | ਇੰਚਾਰਜ ਸਿਮਕ ਨੇ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਹੁਣ ਤੋਂ ਹੀ ਜੋਰ ਲਗਾਉਣਾ ਸ਼ੁਰੂ ਕਰ ਦੇਣ ਤਾਂ ਜੋ ਆਗਾਮੀ 2027 ਦੀਆਂ ਚੋਣਾਂ ਦੌਰਾਨ ਪਾਰਟੀ ਦੀ ਸਰਕਾਰ ਦਾ ਗਠਨ ਕੀਤਾ ਜਾ ਸਕੇ | ਕਿਉਂਕਿ ਪੰਜਾਬ ਦੇ ਹਿੱਤ ਅਤੇ ਹੱਕ ਸਿਰਫ ਖੇਤਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਹੀ ਸੁਰੱਖਿਅਤ ਹਨ | ਅਖੀਰ ਵਿਚ ਆਈ ਹੋਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸਾਬਕਾ ਸਰਪੰਚ ਸ਼ੁਭਇੰਦਰ ਸਿੰਘ ਡੈਵੀ ਨੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ, ਐਸਜੀਪੀਸੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਮੀਟਿੰਗ ਮੌਕੇ ਰਾਜੂ ਦਿਉਲ ਆਲਮਗੀਰ, ਜਰਨੈਲ ਸਿੰਘ, ਜਗਤਾਰ ਸਿੰਘ, ਐਡਵੋਕੇਟ ਹਰਮਨਜੀਤ ਸਿੰਘ ਆਲਮਗੀਰ, ਸੋਨੀ ਪੰਡਿਤ, ਗੁਰਸ਼ਰਨ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਹਰਬੰਸ ਸਿੰਘ ਜਸਪਾਲ ਬਾਂਗਰ, ਨੌਜਵਾਨ ਆਗੂ ਗੁਰਦੀਪ ਸਿੰਘ, ਹਰਜਿੰਦਰਪਾਲ ਸਿੰਘ ਪੰਚ, ਪੰਚ ਗੁਰਦੀਪ ਸਿੰਘ, ਇਸਦੀਪ ਸਿੰਘ, ਪਰਮਜੀਤ ਸਿੰਘ, ਰੂਪ ਸਿੰਘ, ਕਮਲਜੀਤ ਸਿੰਘ ਕੰਮੀ, ਪ੍ਰੀਤਮ ਸਿੰਘ ਖਾਲਸਾ, ਬਿੱਟੂ ਆਲਮਗੀਰ, ਬਾਬਾ ਹਰਜਿੰਦਰ ਸਿੰਘ, ਸਵਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |