ਲੁਧਿਆਣਾ, 10 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਧਾ ਸੁਆਮੀ ਕਾਲੋਨੀ ਵਿਚ ਸ਼ੱਕੀ ਹਾਲਾਤਾਂ ਵਿਚ ਇਕ 9ਵੀਂ ਵਿਚ ਪੜ੍ਹਦੇ ਵਿਦਿਆਰਥੀ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸ਼ਿਵਮ ਕੁਮਾਰ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 17 ਸਾਲ ਦੀ ਕਰੀਬ ਸੀ | ਮਿ੍ਤਕ ਦੇ ਭਰਾ ਸੂਰਜ ਕੁਮਾਰ ਨੇ ਦੱਸਿਆ ਕਿ ਉਹ ਇਕ ਫ਼ੈਕਟਰੀ ਵਿਚ ਕੰਮ ਕਰਦਾ ਹੈ ਅਤੇ ਦੁਪਹਿਰ ਉਹ ਆਪਣੇ ਭਰਾ ਨੂੰ ਫ਼ੋਨ ਕਰ ਰਿਹਾ ਸੀ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ, ਜਦੋਂ ਉਸ ਨੇ ਕਮਰੇ ਵਿਚ ਆ ਕੇ ਦੇਖਿਆ ਤਾਂ ਸ਼ਿਵਮ ਦੀ ਲਾਸ਼ ਉੱਥੇ ਲਟਕ ਰਹੀ ਸੀ, ਜਿਸ 'ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ | ਸੂਰਜ ਨੇ ਦੱਸਿਆ ਕਿ ਉਸ ਦਾ ਭਰਾ ਉਸ ਪਾਸ ਕੁੱਝ ਸਮੇਂ ਲਈ ਰਹਿਣ ਲਈ ਆਇਆ ਸੀ, ਜਦਕਿ ਉਹ ਆਪਣੇ ਮਾਪਿਆਂ ਪਾਸ ਅਰੋੜਾ ਪੈਲੇਸ ਨੇੜੇ ਰਹਿੰਦਾ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ |