ਡਾਬਾ/ਲੁਹਾਰਾ, 10 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸਥਾਨਕ ਡਾਬਾ ਲੁਹਾਰਾ ਰੋਡ ਸਥਿਤ ਰੈੱਡਰੋਜ਼ ਪਬਲਿਕ ਹਾਈ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ ਨੇ ਨਵੇਂ ਵਿੱਦਿਅਕ ਸ਼ੈਸਨ ਦੀ ਸ਼ੁਰੂਆਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਸਰਬੱਤ ਦੇ ਭਲੇ, ਸੁੱਖ, ਸ਼ਾਂਤੀ ਅਤੇ ਸਮਰਿਧੀ ਦੀ ਅਰਦਾਸ ਨਾਲ਼ ਕੀਤੀ | ਪਿਛਲੇ ਸਾਲ ਦੇ ਨਤੀਜੇ ਅਨੁਸਾਰ ਹਰੇਕ ਜਮਾਤ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਧਾਰਮਿਕ ਪ੍ਰੀਖਿਆ ਵਿੱਚੋਂ ਮੈਰਿਟ ਵਿਚ ਸਥਾਨ ਹਾਸਲ ਕਰਨ ਵਾਲੀ ਲੜਕੀ ਕਿ੍ਸ਼ਨਾ ਸਪੁੱਤਰੀ ਸੰਜੀਵ ਕੁਮਾਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਧਾਰਮਿਕ ਵਿਸ਼ੇ ਦੇ ਅਧਿਆਪਕ ਗੁਰਪ੍ਰੀਤ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਹਾਜ਼ਰ ਨਾਰੀ ਸ਼ਕਤੀ ਨੂੰ ਅਪਣਾ ਫ਼ਰਜ਼ ਪਹਿਚਾਣ ਕੇ ਬੱਚਿਆਂ ਨੂੰ ਅਪਣੇ ਧਾਰਮਿਕ ਵਿਰਸੇ ਅਤੇ ਇਤਹਾਸ ਨਾਲ਼ ਜੋੜਨ ਲਈ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ | ਰਾਜਿੰਦਰਪਾਲ ਸਿੰਘ ਨੇ ਸਲਾਨਾ ਰਿਪੋਰਟ ਪੜ੍ਹ ਕੇ ਸੁਣਾਈ | ਪਿ੍ੰਸੀਪਲ ਮੈਡਮ ਸੁਨੀਤਾ ਸ਼ਰਮਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪ੍ਰੋਗਰਾਮ ਵਿਚ ਸਾਮਲ ਹੋ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ | ਅਰਦਾਸ ਤੋਂ ਬਾਅਦ ਗੁਰੂ ਕੇ ਅਟੁੱਟ ਲੰਗਰ ਵਰਤਾਏ ਗਏ |