ਲਾਡੋਵਾਲ, 10 ਅਪ੍ਰੈਲ (ਬਲਬੀਰ ਸਿੰਘ ਰਾਣਾ)-ਪੰਜਾਬ ਬੁਧਿਸ਼ਟ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਦੀ ਅਗਵਾਈ ਵਿਚ ਇਕ ਵਿਸ਼ੇਸ਼ ਮੀਟਿੰਗ ਤਕਸ਼ਿਲਾ ਮਹਾ ਬੁੱਧ ਵਿਹਾਰ, ਨੇੜੇ ਪਿੰਡ ਕਾਦੀਆਂ ਜ਼ਿਲਾ ਲੁਧਿਆਣਾ ਵਿਖੇ ਹੋਈ, ਜਿਸ ਵਿਚ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਭ ਦੀ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ | ਪ੍ਰਧਾਨ ਐਡਵੋਕੇਟ ਸਾਂਪਲਾ ਨੇ ਦੱਸਿਆ ਕਿ ਬੋਧੀ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਦੀ ਮੰਗ ਕੀਤੀ, ਘੱਟ ਗਿਣਤੀ ਕਮਿਸ਼ਨ ਪੰਜਾਬ 'ਚ ਬੋਧੀਆਂ ਨੂੰ ਨੁਮਾਇੰਦਗੀ ਦੇਣ ਬਾਰੇ ਅਤੇ 14 ਅਪ੍ਰੈਲ 2026 ਨੂੰ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 135ਵਾਂ ਆਗਮਨ ਦਿਵਸ ਤਕਸ਼ੀਲਾ ਮਹਾਂਬੁੱਧ ਵਿਹਾਰ, ਕਾਦੀਆਂ ਵਿਖੇ ਮਨਾਉਣ ਦਾ ਵੀ ਫ਼ੈਸਲਾ ਕੀਤਾ ਗਿਆ | ਇਸ ਮੀਟਿੰਗ ਵਿਚ ਰਾਮਦਾਸ ਗੁਰੂ, ਰਾਮ ਨਰਾਇਣ ਬੋਧ, ਮਨੋਜ ਕੁਮਾਰ ਐਸ.ਡੀ.ਓ, ਸੁਰਿੰਦਰ ਸਿੰਘ, ਐਡਵੋਕੇਟ ਜਗਦੀਸ਼ ਬੋਧ, ਮੀਨਾ ਬੋਧ, ਡਾ. ਅਵਿਨਾਸ਼ ਸੋਂਧੀ, ਸਤੀਸ਼ ਕੁਮਾਰ, ਮੇਹਰ ਚੰਦ ਤੋਂ ਇਲਾਵਾ ਬਹੁਤ ਸਾਰੇ ਬੋਧੀ ਉਪਾਸਕ ਵੀ ਸ਼ਾਮਿਲ ਸਨ | ਇਸ ਮੌਕੇ ਭਿਕਸ਼ੂ ਪ੍ਰਗਿਆ ਬੋਧੀ ਨੇ ਸਭ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਾਨੂੰ ਤਥਾਗਤ ਬੁੱਧ, ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਉਪਦੇਸ਼ਾਂ ਅਤੇ ਵਿਚਾਰਧਾਰਾ 'ਤੇ ਚੱਲਣਾ ਚਾਹੀਦਾ ਹੈ | ਅਖੀਰ ਵਿਚ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਨੇ ਮੀਟਿੰਗ ਵਿਚ ਪਹੁੰਚੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੋਧ ਗਯਾ ਮੁਕਤੀ ਅੰਦੋਲਨ 'ਚ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾ ਕੇ ਸਫਲ ਬਣਾਉਣਾ ਚਾਹੀਦਾ ਹੈ |