ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਧੋਖੇ ਨਾਲ ਲੱਖਾਂ ਦੀ ਨਗਦੀ ਏਟੀਐਮ ਵਿਚੋਂ ਕਢਵਾਉਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਜ਼ੀਰਕਪੁਰ ਦੀ ਰਹਿਣ ਵਾਲੀ ਚੰਚਲ ਗੁਲਾਟੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਲੁਧਿਆਣਾ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਈ ਸੀ ਅਤੇ ਬਹਾਦਰਕੇ ਰੋਡ ਸਥਿਤ ਏਟੀਐਮ ਤੋਂ ਪੈਸੇ ਕਢਵਾਉਣ ਲਈ ਚਲੀ ਗਈ, ਜਿੱਥੇ ਕਿ ਇੱਕ ਨੌਜਵਾਨ ਨੇ ਉਸਦੀ ਮਦਦ ਕਰਨ ਦਾ ਝਾਂਸਾ ਦੇ ਕੇ ਉਸ ਪਾਸੋਂ ਏਟੀਐਮ ਲੈ ਲਿਆ ਅਤੇ ਬਾਅਦ ਵਿਚ ਉਸਦਾ ਏਟੀਐਮ ਬਦਲ ਲਿਆ | ਕਥਿਤ ਦੋਸ਼ੀ ਵੱਲੋਂ ਉਸਦੇ ਖਾਤੇ ਵਿੱਚੋਂ ਦੋ ਲੱਖ 5 ਹਜ਼ਾਰ ਦੀ ਨਗਦੀ ਕਢਵਾ ਲਈ | ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |