ਲੁਧਿਆਣਾ, 12 ਅਪ੍ਰੈਲ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਮਾਣ ਹਾਸਲ ਕੀਤਾ ਹੈ | ਹਸਪਤਾਲ ਦੇ ਗੈਸਟ੍ਰੋਐਂਟਰੋਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਓਮੇਸ਼ ਗੋਇਲ ਨੂੰ ਸਿਓਲ ਦੱਖਣੀ ਕੋਰੀਆ ਵਿਚ ਹੋਈ ਏਸ਼ੀਅਨ ਨਿਊਰੋਗੈਸਟ੍ਰੋਐਂਟਰੋਲੋਜੀ ਐਂਡ ਮੋਟਿਲਿਟੀ ਕਾਨਫਰੰਸ ਵਿਚ 'ਏਸ਼ੀਅਨ ਫਿਊਚਰ ਲੀਡਰ ਇਨ ਨਿਊਰੋਗੈਸਟ੍ਰੋਐਂਟਰੋਲੋਜੀ' ਐਵਾਰਡ ਮਿਲਿਆ | ਇਸ ਤੋਂ ਇਲਾਵਾ ਡਾ. ਗੋਇਲ ਦੇ ਰਿਸਰਚ ਪੇਪਰ ਨੂੰ ਵੀ 'ਬੈਸਟ ਰਿਸਰਚ ਪ੍ਰਜ਼ੇਂਟੇਸ਼ਨ ਐਵਾਰਡ' ਮਿਲਿਆ | ਇਹ ਰਿਸਰਚ ਪੇਟ ਅਤੇ ਦਿਮਾਗ ਨਾਲ ਜੁੜੀਆਂ ਬਿਮਾਰੀਆਂ ਵਿਚ ਮਾਨਸਿਕ ਸਮੱਸਿਆਵਾਂ ਦੇ ਅਸਰ ਬਾਰੇ ਸੀ | ਇਨ੍ਹਾਂ ਉਪਲਬਧੀਆਂ ਨਾਲ ਹਸਪਤਾਲ ਦਾ ਗੈਸਟ੍ਰੋਐਂਟਰੋਲੋਜੀ ਵਿਭਾਗ ਇਲਾਜ, ਰਿਸਰਚ ਅਤੇ ਸਿੱਖਿਆ ਦੇ ਖੇਤਰ ਵਿਚ ਭਾਰਤ ਅਤੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਮਜ਼ਬੂਤ ਕਰ ਰਿਹਾ ਹੈ | ਇਸ ਉਪਲਬਧੀ 'ਤੇ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਡਾ. ਓਮੇਸ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸੰਸਥਾ ਦੀ ਉੱਚ ਗੁਣਵੱਤਾ ਵਾਲੀ ਸਿੱਖਿਆ, ਰਿਸਰਚ ਅਤੇ ਮਰੀਜ਼ਾਂ ਦੀ ਸੰਭਾਲ ਨੂੰ ਦਰਸਾਉਂਦਾ ਹੈ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਵੀ ਇਸ ਉਪਲਬਧੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸੰਸਥਾ ਦੀ ਰਿਸਰਚ ਅਤੇ ਅਕਾਦਮਿਕ ਮਜ਼ਬੂਤੀ ਨੂੰ ਦਰਸਾਉਂਦੀ ਹੈ | ਡਾ. ਓਮੇਸ਼ ਗੋਇਲ ਨੇ ਇਸ ਸਫਲਤਾ ਲਈ ਭਗਵਾਨ, ਆਪਣੇ ਪਰਿਵਾਰ, ਆਪਣੇ ਗੁਰੂ ਡਾ. ਅਜੀਤ ਸੂਦ ਅਤੇ ਡਾ. ਜੀ.ਐਸ. ਵਾਂਡਰ, ਬਿਪਿਨ ਗੁਪਤਾ ਅਤੇ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ |