ਲੁਧਿਆਣਾ, 12 ਅਪ੍ਰੈਲ (ਜਸਵਿੰਦਰ ਸਿੰਘ)-ਖੇਤੀ ਰਹਿੰਦ-ਖੂੰਹਦ ਦੀ ਵਾਤਾਵਰਨ ਪੱਖੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੇ ਸਿਲਸਿਲੇ ਵਿਚ ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਨੂੰ ਉਦਯੋਗ ਆਧਾਰਿਤ ਵੱਕਾਰੀ ਖੋਜ ਪ੍ਰੋਜੈਕਟ ਪ੍ਰਾਪਤ ਹੋਇਆ ਹੈ | ਬਾਇਓ ਗੈਸ ਪਲਾਂਟਾਂ ਦੀ ਰਹਿੰਦ-ਖੂੰਹਦ ਨੂੰ ਸਥਿਰ ਖੇਤੀ ਲਈ ਜੈਵਿਕ ਖਾਦ ਵਿਚ ਬਦਲਣ ਦੀ ਤਕਨਾਲੋਜੀ ਵਾਸਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵਲੋਂ 58.45 ਲੱਖ ਰੁਪਏ ਦਾ ਇਹ ਖੋਜ ਪ੍ਰੋਜੈਕਟ ਬੇਹੱਦ ਮਹੱਤਵਪੂਰਨ ਹੈ | ਜ਼ਿਕਰਯੋਗ ਹੈ ਕਿ ਬਾਇਓਗੈਸ ਪਲਾਂਟਾਂ ਵਿਚੋਂ ਨਿਕਲਣ ਵਾਲੀ ਵਰਤੀ ਹੋਈ ਰਹਿੰਦ-ਖੂੰਹਦ ਦੀ ਮੁੜ ਵਰਤੋਂ ਅਤੇ ਸੰਭਾਲ ਉਦਯੋਗਾਂ ਅੱਗੇ ਇਕ ਵੱਡੀ ਚੁਣÏਤੀ ਵਜੋਂ ਸਾਹਮਣੇ ਆਉਂਦੀ ਹੈ | ਵਿਭਾਗ ਨੂੰ ਪ੍ਰਾਪਤ ਹੋਣ ਵਾਲਾ ਇਹ ਪ੍ਰੋਜੈਕਟ ਇਸ ਸੱਲਰੀ ਜਾਂ ਰਹਿੰਦ-ਖੂੰਹਦ ਨੂੰ ਠੋਸ ਅਤੇ ਤਰਲ ਜੈਵਿਕ ਖਾਦ ਵਜੋਂ ਤਬਦੀਲ ਕਰੇਗਾ ਜਿਸ ਨਾਲ ਉਸਦੀ ਵਰਤਣ ਯੋਗਤਾ ਅਤੇ ਮਹੱਤਵ ਖੇਤੀ ਸਥਿਰਤਾ ਲਈ ਲਾਹੇਵੰਦ ਹੋ ਜਾਣਗੇ | ਮਿੱਟੀ ਵਿਚ ਮਿਲਾਉਣ ਤੇ ਜ਼ਮੀਨ ਦੇ ਪੋਸ਼ਕ ਅਤੇ ਜੈਵਿਕ ਤੱਤਾਂ ਵਿਚ ਵਾਧਾ ਹੋਵੇਗਾ | ਪਲਾਂਟਾਂ ਦੀ ਰਹਿੰਦ-ਖੂੰਹਦ ਦੀ ਭਰਪੂਰ ਮਾਤਰਾ ਕਾਰਨ ਇਸ ਤਕਨੀਕ ਦੀ ਵਪਾਰਕ ਵਰਤੋਂ ਦੀ ਵੀ ਸੰਭਾਵਨਾ ਹੈ | ਇਸਦੀ ਕਾਮਯਾਬੀ ਖੇਤੀ ਨੂੰ ਵਧੇਰੇ ਮੁਨਾਫ਼ੇ ਯੋਗ ਅਤੇ ਲਾਹੇਵੰਦ ਬਣਾਏਗੀ | ਇਸ ਪ੍ਰੋਜੈਕਟ ਦੇ ਮੁੱਖ ਵਿਗਿਆਨੀ ਡਾ. ਉਰਮਿਲਾ ਗੁਪਤਾ ਹੋਣਗੇ | ਟੀਮ ਦੇ ਹੋਰ ਮੈਂਬਰਾਂ ਵਿਚ ਡਾ. ਅਮਨਦੀਪ ਸਿੰਘ ਸਿੱਧੂ, ਡਾ. ਪ੍ਰਤਿਭਾ ਵਿਆਸ ਅਤੇ ਡਾ. ਗੁਲਾਬ ਪੰਡੋਵ ਹੋਣਗੇ |