ਲੁਧਿਆਣਾ, 12 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਕੁੱਝ ਪ੍ਰਬੰਧਨ ਸੁਧਾਰਨ ਲਈ ਨਗਰ ਨਿਗਮ ਵਲੋਂ ਵੱਖ-ਵੱਖ ਮੁਹਿੰਮਾਂ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ | ਸਥਾਨਕ ਪੱਧਰ 'ਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਜੇ ਨਗਰ ਨਿਗਮ ਬੁੱਢਾ ਦਰਿਆ ਕਾਇਆ ਕਲਪ ਪ੍ਰੋਜੈਕਟ ਦੇ ਤਹਿਤ ਅਜੇ ਤੱਕ ਬੁੱਢੇ ਦਰਿਆ ਦੇ ਕਿਨਾਰਿਆਂ ਤੋਂ ਹੀ ਕੂੜਾ ਹਟਾਉਣ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ ਤਾਂ ਸ਼ਹਿਰ ਦੇ ਹੋਰ ਹਿੱਸਿਆ ਵਿਚ ਕੂੜੇ ਦੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇਗਾ | ਬੁੱਢੇ ਦਰਿਆ ਦੇ ਕਿਨਾਰਿਆਂ 'ਤੇ ਲੰਬੇ ਸਮੇਂ ਤੋਂ ਗੋਹਾ ਅਤੇ ਘਰੇਲੂ ਕੂੜਾ ਸੁੱਟਣ ਦੀ ਸਮੱਸਿਆ ਜਾਰੀ ਹੈ | ਕਈ ਥਾਵਾਂ 'ਤੇ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਤੋਂ ਉਠਦੀ ਬਦਬੂ ਨੇ ਇਲਾਕੇ ਦਾ ਮਾਹੌਲ ਪ੍ਰਭਾਵਿਤ ਕੀਤਾ ਹੋਇਆ ਹੈ | ਦਰਿਆ ਦੇ ਪਾਣੀ ਦੀ ਸਫਾਈ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕਿਨਾਰਿਆਂ ਤੇ ਪਈ ਗੰਦਗੀ ਕਾਰਨ ਪਾਣੀ ਸਾਫ ਹੋਣ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ | ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਕੂੜਾ ਸਿੱਧਾ ਦਰਿਆ ਵਿਚ ਵੀ ਪਹੁੰਚ ਰਿਹਾ ਹੈ, ਜਿਸ ਨਾਲ ਪ੍ਰਦੂਸ਼ਣ ਹੋਰ ਵੱਧ ਰਿਹਾ ਹੈ | ਨਿਗਮ ਵਲੋਂ ਲਗਾਈਆਂ ਗਈਆਂ ਲੋਹੇ ਦੀਆਂ ਜਾਲੀਆੰ ਮੌਕੇ ਤੇ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਰਹੀਆ, ਕਿਉਂਕਿ ਕੂੜਾ ਅਜੇ ਵੀ ਦਰਿਆ ਵਿਚ ਡਿੱਗਦਾ ਦਿਖਾਈ ਦਿੰਦਾ ਹੈ | ਇਸ ਤੋਂ ਇਲਾਵਾ ਦਰਿਆ ਦੇ ਕਿਨਾਰਿਆਂ ਦੀ ਨਿਯਮਿਤ ਸਫਾਈ ਨਾ ਹੋਣ ਅਤੇ ਕੂੜਾ ਸੁੱਟਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਕਮੀ ਕਾਰਨ ਹਾਲਾਤ ਹੋਰ ਗੰਭੀਰ ਬਣਦੇ ਜਾ ਰਹੇ ਹਨ | ਕਈ ਥਾਵਾਂ 'ਤੇ ਕੂੜੇ ਦੇ ਢੇਰ ਲੰਬੇ ਸਮੇਂ ਤੋਂ ਜਿਵੇਂ ਦੇ ਤਿਵੇਂ ਪਏ ਹੋਏ ਹਨ | ਸ਼ਿਵਪੁਰੀ ਪੁਲੀ ਨੇੜੇ ਨਾਲੇ ਵਿਚ ਦੀਵਾਰ ਬਣਾਉਣ ਦਾ ਕੰਮ ਵੀ ਕੰਮ ਵੀ ਕੀਤਾ ਜਾ ਰਿਹਾ ਹੈ | ਪਰ ਇਸਦੇ ਨਾਲ ਨਾਲ ਮੂਲ ਸਮੱਸਿਆ ਕੂੜੇ ਦੇ ਨਿਪਟਾਰੇ ਤੇ ਕਿੰਨਾ ਅਸਰ ਪਵੇਗਾ, ਇਹ ਸਪੱਸ਼ਟ ਨਹੀਂ | ਇਸ ਤੋਂ ਪਹਿਲਾਂ ਦਰਿਆ ਕਿਨਾਰੇ ਬਣਾਏ ਗਏ ਕੁੱਝ ਪਾਰਕ ਵੀ ਸੰਭਾਲ ਦੀ ਕਮੀ ਕਾਰਨ ਹੁਣ ਕੂੜੇ ਦੇ ਢੇਰਾਂ ਵਿਚ ਤਬਦੀਲ ਹੁੰਦੇ ਦਿੱਖ ਰਹੇ ਹਨ | ਮਾਹਿਰਾਂ ਦੇ ਅਨੁਸਾਰ ਜੇਕਰ ਦਰਿਆ ਦੇ ਕਿਨਾਰਿਆਂ ਤੇ ਕੂੜਾ ਸੁੱਟਣ ਨੰੂ ਸਖਤੀ ਨਾਲ ਨਾ ਰੋਕਿਆ ਗਿਆ ਅਤੇ ਨਿਯਮਿਤ ਸਫਾਈ ਪ੍ਰਬੰਧ ਨਹੀਂ ਕੀਤੇ ਗਏ ਤਾਂ ਬੁੱਢਾ ਦਰਿਆ ਕਾਇਆ ਕਲਪ ਪ੍ਰੋਜੈਕਟ ਦੇ ਟੀਚਾ ਪੂਰਾ ਹੋਣਾ ਮੁਸ਼ਕਲ ਜਾਪਦਾ ਹੈ | ਇਸ ਸੰਦਰਭ ਵਿਚ ਵੱਡਾ ਸਵਾਲ ਇਹ ਬਣਦਾ ਹੈ ਕਿ ਨਗਰ ਨਿਗਮ ਜਾਗਰੂਕਤਾ ਮੁਹਿੰਮਾਂ ਤੋਂ ਅੱਗੇ ਵੱਧਕੇ ਜ਼ਮੀਨੀ ਪੱਧਰ ਤੇ ਕਿੰਨੇ ਪ੍ਰਭਾਵਸ਼ਾਲੀ ਕਦਮ ਚੁੱਕਦਾ ਹੈ ਅਤੇ ਕੀ ਦਰਿਆ ਦੇ ਕਿਨਾਰੇ ਸੱਚਮੁੱਚ ਸਾਫ ਹੋ ਸਕਣਗੇ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ |