ਡਾਬਾ/ਲੁਹਾਰਾ, 13 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ਼ਾਰਪ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਬੀਰ ਨਗਰ ਲੁਧਿਆਣਾ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਇਸ ਇਤਿਹਾਸਿਕ ਤਿਉਹਾਰ 'ਤੇ ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਸਾਰੇ ਬੱਚੇ ਹੀ ਰੰਗ ਬਰੰਗੀਆਂ ਡਰੈੱਸਾਂ ਵਿਚ ਬਹੁਤ ਹੀ ਸੁੰਦਰ ਲੱਗ ਰਹੇ ਸਨ | ਪਿ੍ੰਸੀਪਲ ਰੋਬਿਨਪ੍ਰੀਤ ਸਿੰਘ ਸਰਾਓਾ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਤਿਉਹਾਰ ਹਰ ਸਾਲ 13 ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ | ਇਸ ਤਿਉਹਾਰ ਦਾ ਸਬੰਧ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ | ਇਸ ਦਿਨ ਕਿਸਾਨ ਆਪਣੀ ਫ਼ਸਲ ਦੀ ਕਟਾਈ ਕਰਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ | ਇਸੇ ਦਿਨ ਹੀ ਇਕ ਦੁਰਘਟਨਾ ਵੀ ਘਟੀ ਸੀ ਕਿ 13 ਅਪ੍ਰੈਲ, 1919 ਨੂੰ ਜ਼ਲਿਆਂ ਵਾਲੇ ਬਾਗ ਵਿਚ ਖ਼ੂਨੀ ਸਾਕਾ ਵਾਪਰਿਆ ਸੀ | ਇਸੇ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਇਕ ਨਵਾਂ ਪੰਥ ਸਾਜਿਆ ਸੀ | ਵਿਸਾਖੀ ਨਾਲ ਸਬੰਧਿਤ ਬੱਚਿਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ | ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਅੰਤ ਵਿਚ ਪਿ੍ੰਸੀਪਲ ਨੇ ਬੱਚਿਆਂ, ਸਟਾਫ਼ ਮੈਂਬਰਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ |
ਸ਼ਾਰਪ ਮਾਡਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/>
ਅਜੀਤ ਡੈਸਕ
14-04-2026