ਲੁਧਿਆਣਾ, 15 ਅਪ੍ਰੈਲ (ਜਤਿੰਦਰ ਭੰਬੀ)-ਥਾਣਾ ਟਿੱਬਾ ਅਧੀਨ ਆਉਂਦੇ ਇਲਾਕੇ ਮੁਹੱਲਾ ਪ੍ਰੇਮ ਵਿਹਾਰ ਟਿੱਬਾ ਰੋਡ ਸਥਿਤ ਫ਼ੈਕਟਰੀ ਵਿਚ ਕੰਮ ਕਰਦੇ ਆਪਣੇ ਪਿਤਾ ਨੂੰ ਰੋਟੀ ਦੇਣ ਗਿਆ ਲੜਕਾ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸੁੰਦਰ ਲਾਲ ਸ਼ਰਮਾ ਨੇ ਦੱਸਿਆ ਕਿ ਉਸ ਦਾ ਲੜਕਾ ਨੀਤਿਸ਼ ਉਰਫ਼ ਕਾਨਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਸ ਨੂੰ ਰੋਟੀ ਵਾਲਾ ਟਿਫ਼ਨ ਦੇਣ ਲਈ ਘਰੋਂ ਫ਼ੈਕਟਰੀ ਲਈ ਨਿਕਲਿਆ, ਜੋ ਨਾ ਤਾਂ ਫ਼ੈਕਟਰੀ ਪਹੁੰਚਿਆ ਅਤੇ ਨਾ ਹੀ ਘਰ ਵਾਪਸ ਆਇਆ, ਜਿਸ ਦੀ ਕਾਫ਼ੀ ਭਾਲ ਕੀਤੀ, ਪਰ ਉਸ ਦਾ ਕਿਧਰੇ ਪਤਾ ਨਹੀਂ ਲੱਗਾ | ਮੁੱਦਈ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੇ ਲੜਕੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਆਪਣੀ ਨਾਜਾਇਜ਼ ਹਿਰਾਸਤ ਵਿਚ ਕਿਧਰੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ | ਜਾਂਚ ਅਧਿਕਾਰੀ ਏ.ਐਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |