ਭਾਮੀਆਂ ਕਲਾਂ/ਲੁਧਿਆਣਾ, 15 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਗ੍ਰਾਮ ਪੰਚਾਇਤ ਪ੍ਰੀਆ ਕਾਲੋਨੀ ਦੇ ਸਰਪੰਚ ਅਤੇ ਪ੍ਰਸਿੱਧ ਸਿੱਖਿਆਵਿਦ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਵਾਲੀ ਜਨਗਣਨਾ 2027 ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ | ਉਨ੍ਹਾਂ ਦੱਸਿਆ ਕਿ ਲਗਭਗ 16 ਸਾਲਾਂ ਬਾਅਦ ਹੋ ਰਹੀ ਇਹ ਜਨਗਣਨਾ ਦੇਸ਼ ਅਤੇ ਰਾਜਾਂ ਦੀਆਂ ਯੋਜਨਾਵਾਂ ਬਣਾਉਣ ਲਈ ਅਹਿਮ ਮੰਨੀ ਜਾਂਦੀ ਹੈ | ਪਹਿਲੇ ਪੜਾਅ ਵਿਚ ਇਹ ਜਨਗਣਨਾ ਆਨਲਾਈਨ ਕੀਤੀ ਜਾਵੇਗੀ ਜੋ ਕਿ ਇਸੇ ਮਹੀਨੇ ਦੀ 30 ਤਰੀਕ ਤੋਂ ਸ਼ੁਰੂ ਹੋਵੇਗੀ | ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਜਨਗਣਨਾ ਦੇ ਅੰਕੜਿਆਂ ਦੇ ਆਧਾਰ 'ਤੇ ਹੀ ਸਰਕਾਰ ਵਲੋਂ ਨਵੀਆਂ ਹਸਪਤਾਲਾਂ ਦੀ ਸਥਾਪਨਾ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਵੱਖ-ਵੱਖ ਲੋਕ ਭਲਾਈ ਸਕੀਮਾਂ ਦੀ ਯੋਜਨਾ ਤਿਆਰ ਕੀਤੀਆਂ ਜਾਂਦੀਆਂ ਹਨ, ਜੇਕਰ ਕੋਈ ਵੀ ਨਾਗਰਿਕ ਇਸ ਪ੍ਰਕਿਰਿਆ ਵਿਚ ਹਿੱਸਾ ਨਹੀਂ ਲੈਂਦਾ ਤਾਂ ਉਹ ਆਪਣੇ ਇਲਾਕੇ ਲਈ ਆਉਣ ਵਾਲੀਆਂ ਸਹੂਲਤਾਂ ਅਤੇ ਸਕੀਮਾਂ ਤੋਂ ਵਾਂਝੇ ਰਹਿ ਸਕਦੇ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਕਰਨ ਅਤੇ ਸਹੀ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰਨ ਤਾਂ ਜੋ ਇਲਾਕੇ ਦਾ ਸਹੀ ਵਿਕਾਸ ਯਕੀਨੀ ਬਣਾਇਆ ਜਾ ਸਕੇ | ਅੰਤ ਵਿਚ ਸਰਪੰਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜਨਗਣਨਾ ਵਿਚ ਭਾਗ ਲੈਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਇਸ ਰਾਹੀਂ ਹੀ ਅਸੀਂ ਆਪਣੇ ਇਲਾਕੇ ਅਤੇ ਰਾਜ ਦੇ ਭਵਿੱਖ ਨੂੰ ਮਜ਼ਬੂਤ ਬਣਾ ਸਕਦੇ ਹਾਂ |