ਫੁੱਲਾਂਵਾਲ, 16 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਅੰਦਰ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਬੈਨਰ ਅਧੀਨ ਕੀਤੇ ਜਾਣ ਵਾਲੇ ਕਾਸੋ ਆਪੇ੍ਰਸ਼ਨਾਂ ਦੀ ਫੂਕ ਉਦੋਂ ਨਿਕਲਦੀ ਨਜ਼ਰੀ ਆਈ, ਜਦੋਂ 200 ਫੁੱਟੀ ਮਿਸਿੰਗ ਲਿੰਕ ਸੜਕ ਜੈਨ ਮੰਦਰ ਚੌਕ ਦੇ ਸ਼ਮਸ਼ਾਨ ਘਾਟ ਦੇ ਸਾਹਮਣੇ ਵਾਲੀ ਪਾਰਕ ਨੰਬਰ ਇਕ ਵਿਚ ਇਕ ਨੌਜਵਾਨ ਲੜਕੀ ਨਸ਼ੇ ਵਿਚ ਧੁੱਤ ਬੇਸੁੱਧ ਪਾਈ ਗਈ, ਜਿਸ ਦੀ ਸੂਚਨਾ ਪਿੰਡ ਰੱਖਿਆ ਕਮੇਟੀ ਸੰਤ ਇਨਕਲੇਬ ਦੇ ਵਲੰਟੀਅਰ ਸੁਖਦੇਵ ਸਿੰਘ ਗਰੇਵਾਲ ਨੇ ਪਹਿਲਾਂ ਬਸੰਤ ਐਵਿਨਿਉ ਚੌਂਕੀ ਨੂੰ ਦਿੱਤੀ, ਪਰ ਇਹ ਏਰੀਆ ਦੁੱਗਰੀ ਥਾਣੇ ਅਧੀਨ ਹੋਣ ਕਰਕੇ ਬਸੰਤ ਚੌਂਕੀ ਤੋਂ ਆਏ ਇੰਚਾਰਜ ਸਮੇਤ ਆਪ ਗੱਡੀ ਵਿਚ ਨਸ਼ੇ ਵਿਚ ਬੇਸੁੱਧ ਨੌਜਵਾਨ ਲੜਕੀ ਨੂੰ ਦੁੱਗਰੀ ਥਾਣੇ ਦੇ ਸਟਾਫ਼ ਹਵਾਲੇ ਕਰਕੇ ਆਇਆ | ਇਹ ਲੜਕੀ ਆਪਣਾ ਨਾਮ ਖੁਸ਼ੀ ਅਤੇ ਵਾਸੀ ਮਹਿਮੂਦਪੁਰ ਦੱਸ ਰਹੀ ਸੀ | ਇਸ ਦੇ ਬੈਠਣ ਵਾਲੀ ਥਾਂ ਦੇ ਨੇੜੇ ਹੀ ਨਸ਼ੇ ਨੂੰ ਪੀਣ ਵਾਲੀ ਵਰਤੀ ਜਾਣ ਵਾਲੀ ਪੰਨੀ ਵੀ ਪਈ ਸੀ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਲੜਕੀ ਨੇ ਨਸ਼ੇ ਦਾ ਸੇਵਨ ਇਸੇ ਪਾਰਕ ਦੇ ਬੈਂਚ ਉੱਤੇ ਬੈਠ ਕੇ ਕੀਤਾ ਸੀ | ਜ਼ਿਕਰਯੋਗ ਹੈ ਕਿ ਇਹ ਪਾਰਕ ਸੰਘਣੀ ਆਬਾਦੀ ਦੇ ਨੇੜੇ ਹੋਣ ਕਰਕੇ ਇੱਥੇ ਲੋਕਾਂ ਦਾ ਆਮ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਇਸ ਪਾਰਕ ਦੇ ਨਾਲ ਲੱਗਦੇ ਫੁੱਟਪਾਥ ਉੱਤੇ ਵੱਡੀ ਗਿਣਤੀ ਵਿਚ ਦੁਕਾਨਦਾਰ ਆਪਣੇ ਸਟਾਲ ਲਗਾ ਕੇ ਖੜੇ ਰਹਿੰਦੇ ਹਨ | ਅਜਿਹੀ ਭੀੜ ਭਾੜ ਵਾਲੀ ਜਗਾ 'ਤੇ ਵੀ ਸ਼ਰੇਆਮ ਨਸ਼ੇ ਦੀ ਵਰਤੋਂ ਹੋਣ ਨਾਲ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜਾ ਹੁੰਦਾ ਹੈ |