ਲੁਧਿਆਣਾ, 16 ਅਪ੍ਰੈਲ (ਜਤਿੰਦਰ ਭੰਬੀ)-ਬਦਲਾਅ ਦੇ ਨਾਂਅ 'ਤੇ ਸੱਤਾ 'ਚ ਆਈ 'ਆਪ' ਸਰਕਾਰ ਜਿੰਨੀਆਂ ਮਰਜ਼ੀ ਵੱਡੀਆਂ-ਵੱਡੀਆਂ ਡੀਂਗਾ ਮਾਰ ਕੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਆਖ ਲਵੇ, ਪਰ ਸੂਬੇ ਦੇ ਲੋਕ ਸਮਝ ਚੁੱਕੇ ਹਨ ਕਿ ਪੰਜਾਬ ਦੇ ਖਜ਼ਾਨੇ ਨੂੰ ਦੋਹਾਂ ਹੱਥਾਂ ਨਾਲ ਲੁੱਟਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਝੂਠਾ ਪ੍ਰਚਾਰ ਕਰਕੇ ਸੂਬੇ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਲੋਕਾਂ ਨੂੰ ਗੁੰਮਰਾਕੁੰਨ ਪ੍ਰਚਾਰ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ | ਕਲੇਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਖੁਸ਼ ਕਰਨ ਲਈ ਪੰਜਾਬ ਸਿਰ ਲਗਭਗ ਸਵਾ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਚੜਾ ਦਿੱਤਾ ਹੈ | ਕੌਂਸਲਰ ਪਤੀ ਅਤੇ ਸਾਬਕਾ ਬਲਾਕ ਪ੍ਰਧਾਨ ਹਲਕਾ ਆਤਮ ਨਗਰ ਹਰਵਿੰਦਰ ਸਿੰਘ ਕਲੇਰ ਨੇ ਇਹ ਵੀ ਕਿਹਾ ਕਿ ਜਦ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਰਜ਼ੇ ਤੋਂ ਮੁੱਕਰਨ ਵਾਲਾ ਬਿਆਨ ਆਇਆ, ਉਸ ਦਿਨ ਤੋਂ ਲੈ ਕੇ ਨਗਰ ਨਿਗਮ ਲੁਧਿਆਣਾ ਨੂੰ ਪੈਟਰੋਲ ਪੰਪਾਂ ਦੇ ਮਾਲਕਾਂ ਨੇ ਉਧਾਰ ਤੇਲ ਦੇਣਾ ਬੰਦ ਕਰ ਦਿੱਤਾ ਹੈ ਅਤੇ ਪਿਛਲੇ ਪੈਸੇ ਦੀ ਮੰਗ ਸ਼ੁਰੂ ਕਰ ਦਿੱਤੀ ਹੈ | ਕਲੇਰ ਨੇ ਕਿਹਾ ਕਿ ਨਗਰ ਨਿਗਮ ਦੀਆਂ ਗੱਡੀਆਂ ਨੂੰ ਤੇਲ ਨਾਂ ਮਿਲਣ ਕਾਰਨ ਸ਼ਹਿਰ ਅਤੇ ਨਗਰ ਨਿਗਮ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ | ਉਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਪੰਜਾਬ ਵਿਚ ਬਿਨਾ ਭੇਦਭਾਵ ਦੇ ਸਰਬਪੱਖੀ ਵਿਕਾਸ ਹੋਣਗੇ |